ਸ਼੍ਰੋਮਣੀ ਕਮੇਟੀ ਦਾ ਕੈਲੰਡਰ ਜਾਰੀ ਕਰਨ ਦੇ ਮੁੱਦੇ ’ਤੇ ‘ਜਥੇਦਾਰਾਂ’ ਉਤੇ ਉਠੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਜਾਰੀ ਕਰਨ ਦੇ ਮੁੱਦੇ ’ਤੇ ‘ਜਥੇਦਾਰਾਂ’ ਉਤੇ ਉਠੇ ਸਵਾਲ

image

ਪ੍ਰਵਾਸੀ ਭਾਰਤੀ ਨੇ ਕੈਲੰਡਰ ਦੇ ਮੁੱਦੇ ’ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਿਆ ਪੱਤਰ

ਕੋਟਕਪੂਰਾ, 15 ਮਾਰਚ (ਗੁਰਿੰਦਰ ਸਿੰਘ) : ਪਿਛਲੇ ਦਿਨੀਂ ਤਖ਼ਤਾਂ ਦੇ ਜਥੇਦਾਰਾਂ ਵਲੋਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਛਾਪੇ ਗਏ ਕੈਲੰਡਰ ਨੂੰ ਜਾਰੀ ਕਰਨ ਮੌਕੇ ਕੌਮ ਨੂੰ ਨਵੇਂ ਸਾਲ ਦੀ ਵਧਾਈ ਦੇਣ ਦੇ ਨਾਲ-ਨਾਲ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਇਸੇ ਕੈਲੰਡਰ ਅਨੁਸਾਰ ਮਨਾਉਣ ਦੇ ਦਿਤੇ ਆਦੇਸ਼ ਦੀ ਭਾਵੇਂ ਪੰਥਕ ਹਲਕਿਆਂ ਵਿਚ ਹਲਚਲ ਹੋਈ ਹੈ ਪਰ ਇਸ ਨੂੰ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਦਸਣ ਵਾਲੀ ਗੱਲ ਪੰਥਕ ਹਲਕਿਆਂ ਨੂੰ ਹਜ਼ਮ ਨਹੀਂ ਹੋ ਰਹੀ। 
ਪ੍ਰਵਾਸੀ ਭਾਰਤੀ, ਸਿੱਖ ਚਿੰਤਕ ਤੇ ਪੰਥਕ ਵਿਦਵਾਨ ਭਾਈ ਸਰਵਜੀਤ ਸਿੰਘ ਸੈਕਰਾਮੈਂਟੋ ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਪੱਤਰ ਵਿਚ ਸਵਾਲ ਕੀਤੇ ਗਏ ਹਨ ਕਿ ਤਖ਼ਤਾਂ ਦੇ ਜਥੇਦਾਰਾਂ ਵਲੋਂ ਪਿਛਲੇ ਸਾਲ (ਸੰਮਤ 553) ਜਾਰੀ ਕੀਤੇ ਕੈਲੰਡਰ ਅਤੇ ਇਸ ਸਾਲ (ਸੰਮਤ 554) ਵਾਲੇ ਕੈਲੰਡਰਾਂ ਨੂੰ ਮਿਲਾ ਕੇ ਦੇਖਣ ਉਪਰੰਤ ਹੈਰਾਨੀ ਹੋਣੀ ਸੁਭਾਵਕ ਹੈ ਕਿ ਦੋਵੇਂ ਸਾਲ ਦੇ ਕੈਲੰਡਰਾਂ ਦਾ ਆਰੰਭ ਤਾਂ ਇਕ ਚੇਤ ਤੋਂ ਹੁੰਦਾ ਹੈ ਪਰ ਤਿੰਨ ਮਹੀਨਿਆਂ (ਵੈਸਾਖ, ਭਾਦੋ, ਅੱਸੂ) ਦਾ ਆਰੰਭ (ਸੰਗਰਾਂਦ) ਇਕ ਦਿਨ ਪਛੜ ਕੇ ਹੋ ਰਿਹਾ ਹੈ, 7 ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪਿਛਲੇ ਸਾਲ ਦੇ ਦਿਨਾਂ ਦੀ ਗਿਣਤੀ ਨਾਲ ਮੇਲ ਨਹੀਂ ਖਾਂਦੀ। ਇਸ ਤਰ੍ਹਾਂ ਬਾਕੀ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦਾ ਭੰਬਲਭੂਸਾ ਬਰਕਰਾਰ ਰਹਿਣਾ ਸੁਭਾਵਕ ਹੈ। ਅਕਾਲ ਤਖ਼ਤ ਸਾਹਿਬ ਦੇ ਸਿਰਜਕ ਗੁਰੁੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ 21 ਹਾੜ ਦਰਜ ਹੈ, ਭਾਵੇਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਾ ਦਿਹਾੜਾ ਹਰ ਸਾਲ 18 ਹਾੜ ਨੂੰ ਮਨਾਇਆ ਜਾਂਦਾ ਹੈ ਤਾਂ ਮੀਰੀ-ਪੀਰੀ ਦੇ ਦਿਹਾੜੇ ਦਾ ਪ੍ਰਵਿਸ਼ਟਾ ਹਰ ਸਾਲ ਕਿਉਂ ਬਦਲ ਜਾਂਦਾ ਹੈ? ਭਾਈ ਸੈਕਰਾਮੈਂਟੋ ਮੁਤਾਬਕ ਸੰਮਤ 552 ਦੇ ਕੈਲੰਡਰ ਵਿਚ ਮੀਰੀ-ਪੀਰੀ ਦਾ ਦਿਹਾੜਾ 17 ਹਾੜ ਦਰਜ ਹੈ, ਜਦੋਂ ਕਿ ਥੜੇ ਦੀ ਉਸਾਰੀ 18 ਹਾੜ ਨੂੰ ਹੁੰਦੀ ਹੈ, ਕੀ ਇਹ ਇਤਿਹਾਸ ਨਾਲ ਖਿਲਵਾੜ ਨਹੀਂ? 
ਸਾਲ 2019 ਵਿਚ ਪਾਕਿਸਤਾਨ ਦੀ ਯਾਤਰਾ ’ਤੇ ਕੌਮਾਂਤਰੀ ਨਗਰ ਕੀਰਤਨ ਦੇ ਸਬੰਧ ਵਿਚ ਗਏ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਕੀਤਾ ਵਾਅਦਾ ਯਾਦ ਕਰਾਉਂਦਿਆਂ ਭਾਈ ਸੈਕਰਾਮੈਂਟੋ ਨੇ ਦਸਿਆ ਕਿ ਆਪ ਜੀ ਨੇ ਅਗਲੇ ਸਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਕੱਠੇ ਅਰਥਾਤ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਦਾ ਵਾਅਦਾ ਕੀਤਾ ਸੀ ਪਰ ਉਸ ਤੋਂ ਬਾਅਦ ਆਪ ਜੀ ਵਲੋਂ ਜਾਰੀ ਕੀਤੇ ਗਏ ਤਿੰਨ ਕੈਲੰਡਰਾਂ ਵਿਚ ਸ਼ਹੀਦੀ ਦਿਹਾੜੇ ਨੂੰ ਇਕੱਠੇ ਮਨਾਉਣ ਸਬੰਧੀ ਕੋਈ ਯਤਨ ਦਿਖਾਈ ਨਹੀਂ ਦਿਤਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਤੁਸੀਂ ਵੀ ਸਿਆਸੀ ਲੀਡਰਾਂ ਵਾਂਗੂ ਮੌਕੇ ਮੁਤਾਬਕ ਹੀ ਝੂਠਾ ਵਾਅਦਾ ਕਰ ਗਏ। ਭਾਈ ਸੈਕਰਾਮੈਂਟੋ ਨੇ ਆਸ ਪ੍ਰਗਟਾਈ ਕਿ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਬਦਤਮੀਜ਼ ਕਹਿ ਕੇ ਇਸ ਪੱਤਰ ਨੂੰ ਰੱਦੀ ਦੀ ਟੋਕਰੀ ਵਿਚ ਨਹੀਂ ਸੁੱਟਣਗੇ, ਸਗੋਂ ਅਕਾਲ ਤਖ਼ਤ ਦੇ ਜਥੇਦਾਰ ਹੋਣ ਨਾਤੇ ਸੱਚ ਦੇ ਤਖ਼ਤ ਦੀ ਮਾਣ ਮਰਿਆਦਾ ਨੂੰ ਕਾਇਮ ਰਖਦੇ ਹੋਏ, ਇਸ ਪੱਤਰ ਵਿਚ ਉਠਾਏ ਗਏ ਨੁਕਤਿਆਂ ਦਾ ਤਸੱਲੀਬਖ਼ਸ਼ ਜਵਾਬ ਦੇ ਕੇ ਨਵੀਂ ਪੀੜ੍ਹੀ ਨੂੰ ਧਰਮ ਅਤੇ ਇਤਿਹਾਸ ਨਾਲ ਜੋੜਨ ਲਈ ਉਸਾਰੂ ਤੇ ਇਤਿਹਾਸਕ ਰੋਲ ਨਿਭਾਉਣਗੇ।