ਸੁਖਪਾਲ ਖਹਿਰਾ ਨੇ AAP ਦੇ ਵਿਧਾਇਕਾਂ ਨੂੰ ਕੀਤੀ ਬੇਨਤੀ, 'ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰੋ'
'ਸਾਡੇ ਕੋਲ ਕਿਸੇ ਨੂੰ ਸਸਪੈਂਡ ਜਾਂ ਚਾਰਜਸ਼ੀਟ ਕਰਨ ਦਾ ਕੋਈ ਪ੍ਰਸ਼ਾਸਨਿਕ ਅਧਿਕਾਰ ਨਹੀਂ ਹੈ'
ਚੰਡੀਗੜ੍ਹ : ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰਨ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਹੈ ਕਿ ਮੇਰੀ AAP ਦੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰਨ, ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਇਸ ਦੀ ਸ਼ਿਕਾਇਤ ਭਗਵੰਤ ਮਾਨ ਨੂੰ ਕਰਨ ਕਿਉਂਕਿ ਸਾਡਾ ਕੰਮ ਕਾਨੂੰਨ ਬਣਾਉਣ ਦਾ ਹੈ ਅਤੇ ਸਾਡੇ ਕੋਲ ਕਿਸੇ ਨੂੰ ਸਸਪੈਂਡ ਜਾਂ ਚਾਰਜਸ਼ੀਟ ਕਰਨ ਦਾ ਕੋਈ ਪ੍ਰਸ਼ਾਸਨਿਕ ਅਧਿਕਾਰ ਨਹੀਂ ਹੈ।
ਇਹ ਤਾਕਤ ਚੀਫ ਸੈਕਟਰੀ ਜਾਂ ਮਹਿਕਮਿਆਂ ਦੇ ਮੁਖੀਆਂ ਕੋਲ ਹਨ। ਸੁਖਪਾਲ ਖਹਿਰਾ ਨੇ ਅੱਗੇ ਲਿਖਿਆ ਹੈ ਕਿ 'ਸਰਕਾਰੀ ਦਫ਼ਤਰਾਂ ਵਿੱਚ ਛਾਪੇ ਮਾਰਨ ਦੀ ਬਜਾਏ ਇਹ ਜ਼ਿਆਦਾ ਬੇਹਤਰ ਹੋਵੇਗਾ ਕਿ ਨਵੀਂ ਚੁਣੀ ਸਰਕਾਰ ਅਫਸਰਾਂ ਅਤੇ ਕਰਮਚਾਰੀਆਂ ਦੇ ਕੰਮ ਕਾਜ ਵਾਸਤੇ ਇੱਕ ਵਧੀਆ ਪਾਲਿਸੀ ਬਣਾਵੇ ਅਤੇ ਉਨ੍ਹਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਕਾਰਜਸ਼ੈਲੀ ਵਿੱਚ ਪਾਰਦਰਸ਼ਤਾ ਲਿਆਵੇ। “ਪੁੱਠਾ ਟੰਗ ਦਿਆਂਗੇ” ਵਰਗੇ ਸ਼ਬਦ ਇੱਕ MLA ਦੇ ਮੂੰਹ ਤੋਂ ਸ਼ੋਭਾ ਨਹੀਂ ਦਿੰਦੇ ਹਨ।