ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਕਾਂਗਰਸ ਅਹਿਮ ਜ਼ਿੰਮੇਵਾਰੀ ਦੇਣ ਦੀ ਤਿਆਰੀ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਕਾਂਗਰਸ ਅਹਿਮ ਜ਼ਿੰਮੇਵਾਰੀ ਦੇਣ ਦੀ ਤਿਆਰੀ ਵਿਚ

image

ਸਖ਼ਤ ਵਿਰੋਧ ਦੇ ਬਾਵਜੂਦ ਜਿੱਤ ਕੇ ਰਖਿਆ ਹੈ ਕਾਂਗਰਸ ਦਾ ਝੰਡਾ ਬੁਲੰਦ

ਬਠਿੰਡਾ, 15 ਮਾਰਚ (ਸੁਖਜਿੰਦਰ ਮਾਨ): ਲੰਘੀ 20 ਫ਼ਰਵਰੀ ਨੂੰ  ਹੋਈਆਂ ਵਿਧਾਨ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰਨ ਵਾਲੀ ਸੂਬੇ ਦੀ ਸੱਤਾਧਿਰ ਕਾਂਗਰਸ ਪਾਰਟੀ 'ਚ ਆਉਣ ਵਾਲੇ ਦਿਨਾਂ 'ਚ ਵੱਡੀ ਰੱਦੋ-ਬਦਲ ਹੋਣ ਜਾ ਰਹੀ ਹੈ | ਪਾਰਟੀ ਦੇ ਅੰਦੂਰਨੀ ਸੂਤਰਾਂ ਮੁਤਾਬਕ ਇਸ ਇਤਿਹਾਸਕ ਹਾਰ ਲਈ ਜ਼ਿਆਦਾਤਰ ਆਗੂਆਂ ਵਲੋਂ ਚੰਨੀ ਤੇ ਸਿੱਧੂ ਦੀ ਜੋੜੀ ਨੂੰ  ਜ਼ਿੰਮੇਵਾਰ ਠਹਿਰਾਇਆ ਜਾ ਰਿਹਾ | ਜਦੋਂਕਿ ਦਬੀ ਜ਼ੁਬਾਨ 'ਚ ਮੁਲਾਜ਼ਮ ਵਿਰੋਧੀ ਫ਼ੈਸਲੇ ਲੈਣ ਕਾਰਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ  ਵੀ ਬਰਾਬਰ ਦਾ ਭਾਗੀਦਾਰ ਮੰਨਿਆ ਜਾ ਰਿਹਾ ਹੈ | ਉਂਜ ਵੀ ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਬਾਦਲ ਤਿੰਨੇ ਹੀ ਗ਼ੈਰ-ਕਾਂਗਰਸੀ ਪਿਛੋਕੜ ਵਾਲੇ ਮੰਨੇ ਜਾਂਦੇ ਹਨ |
ਸਿੱਧੂ ਜਿਥੇ ਲੰਮਾ ਸਮਾਂ ਭਾਜਪਾ ਵਿਚ ਰਹੇ ਹਨ, ਉਥੇ ਮਨਪ੍ਰੀਤ ਅਕਾਲੀ ਦਲ ਦੀ ਪੈਦਾਇਸ਼ ਹਨ ਜਦੋਂ ਕਿ ਚੰਨੀ ਆਜ਼ਾਦ ਤੌਰ 'ਤੇ ਜਿੱਤਣ ਤੋਂ ਬਾਅਦ ਕਾਂਗਰਸ ਵਿਚ ਆਏ ਸਨ ਜਿਸ ਦੇ ਚਲਦੇ ਸਮੇਂ-ਸਮੇਂ 'ਤੇ ਰਵਨੀਤ ਬਿੱਟੂ ਸਹਿਤ ਹੋਰ ਵੱਡੇ ਕਾਂਗਰਸੀਆਂ ਵਲੋਂ ਇਨ੍ਹਾਂ ਨੂੰ  ਅਹਿਮ ਭੂਮਿਕਾ 'ਤੇ ਦੇਣ ਉਪਰ ਪਹਿਲਾਂ ਹੀ ਸਵਾਲ ਉਠਾਏ ਜਾਂਦੇ ਰਹੇ ਹਨ | ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ  ਪੰਜਾਬ ਵਿਚ ਜਿਊਾਦਾ ਰੱਖਣ ਲਈ ਹਾਈਕਮਾਂਡ ਵੱਡੇ ਫ਼ੈਸਲੇ ਲੈ ਸਕਦੀ ਹੈ | ਇਨ੍ਹਾਂ ਫ਼ੈਸਲਿਆਂ ਤਹਿਤ ਜਿਥੇ ਪਾਰਟੀ ਦੇ ਚਰਚਿਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਅਸਤੀਫ਼ਾ ਲਿਆ ਜਾ ਸਕਦਾ ਹੈ, ਉਥੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਵੀ ਕਿਸੇ ਟਕਸਾਲੀ ਲੀਡਰ ਨੂੰ  ਦਿਤੀ ਜਾ ਸਕਦੀ ਹੈ | ਮੌਜੂਦਾ ਸਮੇਂ ਇਨ੍ਹਾਂ ਦੋਹਾਂ ਅਹੁਦਿਆਂ ਲਈ ਕਈ ਆਗੂਆਂ ਵਲੋਂ ਅੰਦਰਖਾਤੇ ਭੱਜਦੋੜ ਸ਼ੁਰੂ ਕਰ ਦਿਤੀ ਗਈ ਹੈ | ਪ੍ਰੰਤੂ ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਚੋਣਾਂ ਤੋਂ ਐਨ ਪਹਿਲਾਂ ਕੁੱਝ ਗ਼ਲਤ ਫ਼ੈਸਲੇ ਲੈਣ ਵਾਲੀ ਕਾਂਗਰਸ ਹਾਈਕਮਾਂਡ ਹੁਣ 'ਦੱੁਧ ਦੀ ਜਲੀ, ਲੱਸੀ ਨੂੰ  ਫੂਕਾਂ' ਮਾਰਨ ਵਾਲੀ ਕਹਾਵਤ ਤਹਿਤ ਸੋਚ ਸਮਝ ਕੇ ਅੱਗੇ ਵਧ ਰਹੀ ਹੈ |
ਚਲ ਰਹੀ ਚਰਚਾ ਮੁਤਾਬਕ ਇਨ੍ਹਾਂ ਦੋਹਾਂ ਅਹੁਦਿਆਂ ਲਈ ਪੰਜਾਬ ਦੇ ਦੋ ਧਾਕੜ ਮੰਨੇ ਜਾਂਦੇ ਆਗੂਆਂ ਦਾ ਨਾਮ ਅੱਗੇ ਚਲ ਰਿਹਾ ਹੈ ਜਿਸ ਵਿਚ ਇਕ ਮਾਝੇ ਦੇ ਜਰਨੈਲ ਵਜੋਂ ਮਸ਼ਹੂਰ ਹੋਏ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੇ ਦੂਜਾ ਮਾਲਵਾ ਦੇ ਤੇਜ਼-ਤਰਾਰ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ | ਦਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ  ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਅਦ ਵਿਧਾਇਕਾਂ ਤੇ ਹੋਰਨਾਂ ਤੋਂ ਲਈ ਗਈ ਰਾਏ ਦੌਰਾਨ ਸੁੱਖੀ ਰੰਧਾਵਾ ਹੀ ਵਿਧਾਨ ਸਭਾ ਵਿਚ ਮੌਜੂਦ ਕਾਂਗਰਸ ਪਾਰਟੀ ਦੇ ਅਜਿਹੇ ਆਗੂ ਸਨ, ਜਿਨ੍ਹਾਂ ਨੂੰ  ਸੁਨੀਲ ਜਾਖੜ ਤੋਂ ਬਾਅਦ ਸੱਭ ਤੋਂ ਵੱਧ ਪਸੰਦ ਕੀਤਾ ਗਿਆ ਸੀ | ਇਸ ਤੋਂ ਇਲਾਵਾ ਉਨ੍ਹਾਂ ਨੂੰ  ਮੁੱਖ ਮੰਤਰੀ ਬਣਾਉਣ ਦੀ ਤਿਆਰੀ ਕਰ ਕੇ ਐਨ ਮੌਕੇ 'ਤੇ ਉਪ ਮੁੱਖ ਮੰਤਰੀ ਬਣਾਉਣ ਦੇ ਬਾਵਜੂਦ ਸ: ਰੰਧਾਵਾ ਨੇ ਨਾ ਸਿਰਫ਼ ਪਾਰਟੀ ਦੇ ਅਨੁਸ਼ਾਸਤ ਸਿਪਾਹੀ ਵਾਂਗ ਅਪਣੀ ਭੂਮਿਕਾ ਨਿਭਾਈ, ਬਲਕਿ ਧੜੱਲੇਦਾਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁਧ ਨਸ਼ਾ ਤਸਕਰੀ ਦਾ ਪਰਚਾ ਦਰਜ ਕਰ ਕੇ ਉਸ ਨੂੰ  ਜੇਲ ਅੰਦਰ ਪਹੁੰਚਾਉਣ ਦੇ ਚਲਦੇ ਅਪਣੇ ਸਿਆਸੀ ਕੱਦ ਵਿਚ ਵੀ ਵਾਧਾ ਕੀਤਾ |
ਇਸੇ ਤਰ੍ਹਾਂ ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਸਿਰਫ਼ ਤਿੰਨ ਮਹੀਨਿਆਂ ਦੇ ਛੋਟੇ ਜਿਹੇ ਕਾਰਜਕਾਲ ਦੌਰਾਨ ਬਤੌਰ ਟ੍ਰਾਂਸਪੋਰਟ ਮੰਤਰੀ ਬਣ ਕੇ ਦੇਸ਼-ਵਿਦੇਸ਼ 'ਚ ਵਸਦੇ ਪੰਜਾਬੀਆਂ ਦੇ ਦਿਲਾਂ 'ਚ ਇਕੱਲੀ ਵਿਸ਼ੇਸ ਥਾਂ ਹੀ ਨਹੀਂ ਬਣਾਈ, ਬਲਕਿ ਮਾਲਵਾ ਪੱਟੀ 'ਚ ਕੱਦਾਵਾਰ ਲੀਡਰਾਂ ਦੇ ਰੇਤ ਦੇ ਮਹਿਲ ਵਾਂਗ ਢਹਿ-ਢੇਰੀ ਹੋਣ ਦੇ ਬਾਵਜੂਦ ਬਾਦਲਾਂ ਤੇ ਆਪ ਦਾ ਗੜ੍ਹ ਮੰਨੇ ਜਾਂਦੇ ਗਿੱਦੜਵਹਾ ਹਲਕੇ ਵਿਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰਖਿਆ ਹੈ | ਮਾਲਵਾ ਦੀਆਂ 69 ਸੀਟਾਂ ਵਿਚੋਂ ਕਾਂਗਰਸ ਪਾਰਟੀ ਦੀ ਟਿਕਟ ਜਿੱਤਣ ਵਾਲੇ ਦੋ-ਤਿੰਨ ਆਗੂਆਂ ਵਿਚੋਂ ਰਾਜਾ ਵੜਿੰਗ ਸੱਭ ਤੋਂ ਕੱਦਾਵਾਰ ਨੇਤਾ ਮੰਨੇ ਜਾਂਦੇ ਹਨ | ਵੱਡੀ ਗੱਲ ਇਹ ਵੀ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਜੇਕਰ ਕਾਂਗਰਸ ਪਾਰਟੀ ਨੂੰ  ਅਪਣੇ ਪੈਰਾਂ-ਸਿਰ ਖੜਾ ਕਰਨਾ ਹੈ ਤਾਂ ਹਾਈਕਮਾਂਡ ਨੂੰ  ਦੋਹਾਂ ਅਹੁਦਿਆਂ ਵਿਚੋਂ ਇਕ ਅਹੁਦਾ ਮਾਲਵਾ ਖੇਤਰ ਨੂੰ  ਦੇਣਾ ਪੈਣਾ ਹੈ, ਕਿਉਂਕਿ ਪੰਜਾਬ ਦੇ ਹੁਣ ਤਕ ਹੋਏ ਮੁੱਖ ਮੰਤਰੀਆਂ ਵਿਚੋਂ ਸਿਰਫ਼ ਦੋ ਨੂੰ  ਛੱਡ ਬਾਕੀ ਮਾਲਵਾ ਖੇਤਰ ਵਿਚੋਂ ਹੀ ਬਣਦੇ ਰਹੇ ਹਨ | ਇਸ ਤੋਂ ਇਲਾਵਾ ਰਾਜਾ ਵੜਿੰਗ ਦਾ ਨਾ ਸਿਰਫ਼ ਜੱਟ ਭਾਈਚਾਰੇ, ਬਲਕਿ ਨੌਜਵਾਨਾਂ ਵਿਚ ਵੀ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ | ਪਾਰਟੀ ਸੂਤਰਾਂ ਮੁਤਾਬਕ ਮੌਜੂਦਾ ਸਮੇਂ ਜ਼ਿਆਦਾਤਰ ਹਾਰੇ ਤੇ ਜਿੱਤੇ ਹੋਏ ਪਾਰਟੀ ਦੇ ਉਮੀਦਵਾਰ ਤੇ ਹੋਰ ਆਗੂ ਵੀ ਹਾਈਕਮਾਂਡ 'ਤੇ ਤੁਰਤ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਅਤੇ ਵਿਧਾਨ ਸਭਾ ਵਿਚ ਆਪ ਨਾਲ ਭਰੇ ਹਾਊਸ ਦਾ ਮੁਕਾਬਲਾ ਕਰਨ ਲਈ ਕਿਸੇ ਤੇਜ਼-ਤਰਾਰ ਟਕਸਾਲੀ ਕਾਂਗਰਸੀ ਨੂੰ  ਜ਼ਿੰਮੇਵਾਰੀ ਦੇਣ ਦੀ ਮੰਗ ਕਰ ਰਹੇ ਹਨ |

ਇਸ ਖ਼ਬਰ ਨਾਲ ਸਬੰਧਤ ਫੋਟੋ 15 ਬੀਟੀਆਈ 06 ਵਿਚ ਭੇਜੀ ਜਾ ਰਹੀ ਹੈ |