ਹੋਲਾ-ਮਹੱਲਾ ਦੇਖਣ ਲਈ ਅਨੰਦਪੁਰ ਸਾਹਿਬ ਜਾ ਰਹੇ 3 ਨੌਜਵਾਨਾਂ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
ਭੋਗਪੁਰ ਦੇ ਪਿੰਡ ਸੱਗਰਾਂਵਾਲੀ ਦੇ ਰਹਿਣ ਵਾਲੇ ਸਨ ਮ੍ਰਿਤਕ ਨੌਜਵਾਨ
ਅਨੰਦਪੁਰ ਸਾਹਿਬ : ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ 3 ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਸੱਗਰਾਂਵਾਲੀ ਦੇ 2 ਸਕੇ ਭਰਾ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਪ੍ਰਿੰਸ ਲੁਬਾਣਾ ਬੀਤੀ ਕੱਲ੍ਹ ਸ੍ਰੀ ਆਨੰਦਪੁਰ ਸਾਹਿਬ ਹੋਲਾ-ਮਹੱਲਾ ਦੇਖਣ ਲਈ ਇਕ ਮੋਟਰਸਾਈਕਲ 'ਤੇ ਘਰੋਂ ਗਏ ਸਨ।
ਜਿੱਥੇ ਬੁੱਧਵਾਰ ਨੂਰਪੁਰਬੇਦੀ ਰੋਡ 'ਤੇ ਕਾਹਲਵਾਂ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਹੈ ਅਤੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀਆਂ ਲਾਸ਼ਾਂ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਰੱਖੀਆਂ ਗਈਆਂ ਹਨ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਚੁੱਕੇ ਹਨ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਸਵਿੰਦਰ ਕੌਰ ਤੇ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੋਵੇਂ ਸਕੇ ਭਰਾ ਘਰ ਦਾ ਗੁਜ਼ਾਰਾ ਚਲਾਉਣ ਲਈ ਭੋਗਪੁਰ 'ਚ ਨਿੱਜੀ ਦੁਕਾਨਾਂ 'ਤੇ ਕੰਮ ਕਰਦੇ ਸਨ ਤੇ ਤਿੰਨਾਂ ਨੌਜਵਾਨਾਂ ਦੀ ਮੌਤ ਹੋਣ ਨਾਲ ਪਿੰਡ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।