ਪਾਕਿਸਤਾਨੀ ਡਾਨ ਵਲੋਂ ਜਲੰਧਰ ’ਚ ਗ੍ਰਨੇਡ ਹਮਲਾ, ਹਿੰਦੂ ਨੇਤਾ ਨਿਸ਼ਾਨੇ ’ਤੇ
ਸ਼ਹਿਜ਼ਾਦ ਭੱਟੀ ਨੇ ਇਸ ਗ੍ਰਨੇਡ ਹਮਲੇ ਦੀ ਲਈ ਜ਼ਿੰਮੇਵਾਰੀ
ਜਲੰਧਰ ਵਿਚ ਇਕ ਹਿੰਦੂ ਵਿਚਾਰਧਾਰਾ ਵਾਲੇ ਵਿਅਕਤੀ ਦੇ ਘਰ ’ਤੇ ਗ੍ਰਨੇਡ ਹਮਲਾ ਹੋਇਆ, ਜਿਸ ਵਿਚ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦਾ ਨਾਮ ਸਾਹਮਣੇ ਆਇਆ ਹੈ। ਪੁਲਿਸ ਤੇ ਬੰਬ ਨਿਰੋਧਕ ਦਸਤਾ ਮਾਮਲੇ ਨੂੰ ਚੌਕਸੀ ਨਾਲ ਸੰਭਾਲ ਰਿਹਾ ਹੈ। ਜਾਂਚ ਅਨੁਸਾਰ, ਇਹ ਹਮਲਾ ਮੁਸਲਮਾਨਾਂ ਵਿਰੁਧ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਕਾਰਨ ਕੀਤਾ ਗਿਆ ਸੀ।
ਇਨ੍ਹੀਂ ਦਿਨੀਂ ਗ੍ਰਨੇਡ ਹਮਲਿਆਂ ਨੇ ਪੰਜਾਬ ਵਿਚ ਦਹਿਸ਼ਤ ਫੈਲਾ ਦਿਤੀ ਹੈ। ਇੱਥੇ ਜਲੰਧਰ ਦੇ ਰਾਏਪੁਰ ਰਸੂਲਪੁਰ ਇਲਾਕੇ ਵਿਚ ਹਿੰਦੂ ਵਿਚਾਰਧਾਰਾ ਵਾਲੇ ਵਿਅਕਤੀ ਦੇ ਘਰ ’ਤੇ ਗ੍ਰਨੇਡ ਹਮਲਾ ਕੀਤਾ ਗਿਆ ਹੈ। ਇਸ ਹਮਲੇ ਪਿੱਛੇ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਭੱਟੀ ਦਾ ਨਾਮ ਸਾਹਮਣੇ ਆਇਆ ਹੈ। ਉਸ ਨੇ ਖੁਦ ਹਮਲੇ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਅਤੇ ਦਾਅਵਾ ਕੀਤਾ ਕਿ ਇਹ ਹਮਲਾ ਪੰਜ ਨੌਜਵਾਨਾਂ ਨੇ ਇਕੱਠੇ ਕੀਤਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਦਿਹਾਤੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਦੀ ਘੇਰਾਬੰਦੀ ਕਰ ਲਈ। ਦਸਿਆ ਜਾ ਰਿਹਾ ਹੈ ਕਿ ਗ੍ਰਨੇਡ ਅਜੇ ਵੀ ਜ਼ਿੰਦਾ ਹੈ, ਜਿਸ ਕਾਰਨ ਪੂਰੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਪੁਲਿਸ ਅਤੇ ਬੰਬ ਨਿਰੋਧਕ ਦਸਤਾ ਮਾਮਲੇ ਨੂੰ ਚੌਕਸੀ ਨਾਲ ਸੰਭਾਲ ਰਿਹਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਮਲਾ ਮੁਸਲਿਮ ਭਾਈਚਾਰੇ ਵਿਰੁਧ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਕਾਰਨ ਕੀਤਾ ਗਿਆ ਸੀ। ਇਸ ਗ੍ਰਨੇਡ ਹਮਲੇ ਵਿਚ ਪਾਕਿਸਤਾਨੀ ਡਾਨ ਭੱਟੀ ਦੀ ਮਦਦ ਕਿਸੇ ਹੋਰ ਨੇ ਨਹੀਂ ਸਗੋਂ ਬਾਬਾ ਸਿੱਦੀਕੀ ਕਤਲ ਕੇਸ ਦੇ ਮਾਸਟਰਮਾਈਂਡ ਜ਼ੀਸ਼ਾਨ ਅਖ਼ਤਰ ਉਰਫ਼ ਜੈਸੀ ਪੁਰੇਵਾਲ ਅਤੇ ਹੈਪੀ ਪਾਸੀਆ ਨੇ ਕੀਤੀ ਸੀ। ਇਸ ਗੱਲ ਦਾ ਖੁਲਾਸਾ ਖੁਦ ਪਾਕਿਸਤਾਨੀ ਡਾਨ ਭੱਟੀ ਨੇ ਆਪਣੀ ਵੀਡੀਉ ਵਿਚ ਕੀਤਾ ਹੈ।