Sunil Jakhar: ‘ਆਪ’ ਸਰਕਾਰ ਦੇ ਰਾਜ ਵਿੱਚ ਪੰਜਾਬ 3 ਸਾਲਾਂ ਵਿੱਚ 30 ਸਾਲ ਪਿੱਛੇ ਗਿਆ- ਸੁਨੀਲ ਜਾਖੜ

ਏਜੰਸੀ

ਖ਼ਬਰਾਂ, ਪੰਜਾਬ

ਅਮਨ ਕਾਨੂੰਨ ਦੀ ਸਥਿਤੀ ਦਾ ਨਿਕਲਿਆ ਜਨਾਜਾ, ਪੰਜਾਬ ਵਿੱਚ ਕੇਵਲ ਕੇਜਰੀਵਾਲ ਸੁਰੱਖਿਤ ਬਾਕੀ ਸਭ ਰੱਬ ਆਸਰੇ

Punjab went back 30 years in 3 years under AAP government - Sunil Jakhar

 

 

ਭਗਵੰਤ ਮਾਨ ਨੂੰ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਮੁਕਤ ਹੋਣ ਦੀ ਸਲਾਹ

Sunil Jakhar: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ ਆਖਿਆ ਹੈ ਕਿ ਇਸ ਸਰਕਾਰ ਦੇ ਰਾਜ ਵਿੱਚ ਪੰਜਾਬ 30 ਸਾਲ ਪਿੱਛੇ ਚਲਾ ਗਿਆ ਹੈ । ਉਹਨਾਂ ਨੇ ਕਿਹਾ ਕਿ ਅੱਜ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਭਿਆਨਕ ਦੌਰ ਵਿੱਚ ਹੈ ਅਤੇ ਧਾਰਮਿਕ ਸਥਾਨਾਂ ਅਤੇ ਥਾਣਿਆਂ ’ਤੇ ਹੋਏ ਦਰਜਨਾਂ ਹਮਲੇ ਇਸ ਗੱਲ ਦਾ ਸਬੂਤ ਹਨ।

ਅੱਜ ਇਥੋਂ ਜਾਰੀ ਬਿਆਨ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਸਿਰਫ਼ ਕੇਜਰੀਵਾਲ ਹੀ ਸੁਰੱਖਿਤ ਹਨ ਜਿਨਾਂ ਨੂੰ ਪੰਜਾਬ ਪੁਲਿਸ ਦੀ ਵੱਡੀ ਸੁਰੱਖਿਆ ਛੱਤਰੀ ਦਿੱਤੀ ਹੋਈ ਹੈ ਜਦਕਿ ਉਹਨਾਂ ਕੋਲ ਕੋਈ ਅਜਿਹਾ ਸੰਵਿਧਾਨਿਕ ਅਹੁਦਾ ਵੀ ਨਹੀਂ ਹੈ। ਜਦਕਿ ਬਾਕੀ ਸਾਰੇ ਪੰਜਾਬ ਦੇ ਆਮ ਲੋਕਾਂ ਨੂੰ ਅਣਸੁਰੱਖਿਤ ਛੱਡਿਆ ਹੋਇਆ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਮੰਦਿਰ ’ਤੇ ਹਮਲਾ ਹੋਣ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਇੱਕ ਸਵਰਨਕਾਰ ਅਤੇ ਭਾਜਪਾ ਆਗੂ ’ਤੇ ਸ਼ਰੇ ਬਾਜ਼ਾਰ ਹੋਏ ਹਮਲੇ ਦੀ ਤਿੱਖੀ ਆਲੋਚਨਾ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਨੇ ਇਸ ਵਿਸ਼ੇ ’ਤੇ ਸਿਰਫ਼ ਇੱਕ ਪ੍ਰੈੱਸ ਨੋਟ ਜਾਰੀ ਕਰ ਕੇ ਹੀ ਪੱਲਾ ਝਾੜ ਦਿੱਤਾ ਜਦ ਕਿ ਹਕੀਕਤ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਗਿਆ।

ਉਹਨਾਂ ਕਿਹਾ ਕਿ ਅੱਜ ਵੀ ਜਲੰਧਰ ਵਿੱਚ ਗ੍ਰਨੇਡ ਹਮਲੇ ਦੀ ਸਨਸਨੀ ਖੇਜ਼ ਖ਼ਬਰ ਹੈ। ਉਨਾਂ ਨੇ ਕਿਹਾ ਕਿ ਥਾਂ-ਥਾਂ ਥਾਣਿਆਂ ਧਾਰਮਿਕ ਸਥਾਨਾਂ ਅਤੇ ਲੋਕਾਂ ’ਤੇ ਹਮਲੇ ਹੋ ਰਹੇ ਹਨ ਜਦਕਿ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਭਗਵੰਤ ਸਿੰਘ ਮਾਨ ਸਰਕਾਰ ਨੂੰ ਚਲਾਉਣ ਵਾਲੇ ਹੁਣ ਵਿਪਾਸਨਾ ਦੇ ਬਹਾਨੇ ਸਿੱਧਾ ਪੰਜਾਬ ਆ ਕੇ ਪਰਦੇ ਪਿੱਛੇ ਤੋਂ ਸਰਕਾਰ ਚਲਾ ਰਹੇ ਹਨ ਪਰ ਬਦਲੇ ਵਿੱਚ ਪੰਜਾਬ ਨੂੰ ਦਹਿਸ਼ਤ ਅਤੇ ਗ੍ਰਨੇਡ ਹਮਲੇ ਹੀ ਮਿਲ ਰਹੇ ਹਨ।

ਉਹਨਾਂ ਨੇ ਕਿਹਾ ਕਿ ਰਾਜ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਬਦਤਰ ਹਾਲਤ ਵਿੱਚ ਪਹੁੰਚ ਚੁੱਕੀ ਹੈ ਉੱਥੇ ਹੀ ਰਾਜ ਦੀ ਆਰਥਿਕ ਦਸ਼ਾ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਨਾੜੀ ਰਾਜ ਪ੍ਰਬੰਧ ਦੇ ਚਲਦਿਆਂ ਸੂਬਾ ਸਰਕਾਰ ਨੇ ਪੰਜਾਬ ਨੂੰ ਆਰਥਿਕ ਦਿਵਾਲੀਆਪਨ ਦੇ ਕਗਾਰ ’ਤੇ ਲਿਆ ਕੇ ਖੜਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨਾ ਤਾਂ ‘ਆਪ’ ਸਰਕਾਰ ਨੇ ਆਪਣੇ ਚੋਣ ਵਾਅਦੇ ਪੂਰੇ ਕਰਦਿਆਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਦੀ ਰਕਮ ਦਿੱਤੀ ਅਤੇ ਨਾ ਹੀ ਸੂਬੇ ਨੂੰ ਆਰਥਿਕ ਤੌਰ ’ਤੇ ਮਜਬੂਤ ਕੀਤਾ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਜਿਹੜੇ ਆਗੂ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਦੀ ਕਮਾਈ ਕਰਨ ਦੇ ਖੋਖਲੇ ਦਾਅਵੇ ਕਰਦੇ ਸਨ ਉਨਾਂ ਦੇ ਦਾਅਵੇ ਹੁਣ ਹਵਾ ਹਵਾਈ ਹੋ ਚੁੱਕੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਹਾਲੇ ਵੀ ਵਕਤ ਹੈ ਕਿ ਭਗਵੰਤ ਸਿੰਘ ਮਾਨ ਦਿੱਲੀ ਦੇ ਰਿਮੋਟ ਕੰਟਰੋਲ ’ਤੇ ਚਲਣਾ ਬੰਦ ਕਰਨ ਅਤੇ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਸਮਝਦਿਆਂ ਉਹਨਾਂ ਨੂੰ ਹੱਲ ਕਰਨ ਵੱਲ ਧਿਆਨ ਦੇਣ।

ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਦੇ ਲੋਕਾਂ ਦੀ ਰਾਖੀ ਲਈ ਹੈ ਨਾ ਕਿ ਦਿੱਲੀ ਦੇ ਕਿਸੇ ਆਗੂ ਦੀ ਚਾਕਰੀ ਕਰਨ ਵਾਸਤੇ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਬੇਸਬਰੀ ਨਾਲ 2027 ਦੀ ਉਡੀਕ ਕਰ ਰਹੇ ਹਨ ਜਦ ਉਹ ਆਪਣੀ 2022 ਵਿੱਚ ਕੀਤੀ ਭੁੱਲ ਨੂੰ ਸੁਧਾਰ ਸਕਣ ।