ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨਾਲ ਇਤਿਹਾਸ ਵਿਚ ਬਾਬੇ ਨਾਨਕ ਦਾ ਪਹਿਲਾ ਬੇਮਿਸਾਲ ਜਨਮ-ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਤ ਏਨੀ ਵੱਡੀ ਗਿਣਤੀ ਵਿਚ ਪਹੁੰਚ ਗਈ ਕਿ ਕੋਧਰੇ ਦੀ ਗਰਮਾ ਗਰਮ ਰੋਟੀ ਸੱਭ ਲਈ ਤਿਆਰ ਕਰਨੀ ਔਖੀ ਹੋ ਗਈ।

rozana spokesman

ਬਪਰੌਰ, 15 ਅਪ੍ਰੈਲ : 'ਉੱਚਾ ਦਰ ਬਾਬੇ ਨਾਨਕ ਦਾ' ਬਪਰੌਰ ਜੀ.ਟੀ. ਰੋਡ ਨੇੜੇ ਸ਼ੰਭੂ ਬਾਰਡਰ ਤੇ ਅੱਜ ਬਾਬੇ ਨਾਨਕ ਦਾ ਜਨਮ ਪੁਰਬ, ਇਤਿਹਾਸ ਵਿਚ ਪਹਿਲੀ ਵਾਰ, ਭਾਈ ਲਾਲੋ ਦੀ ਕੋਧਰੇ ਦੀ ਰੋਟੀ ਤੇ ਸਾਗ ਦੇ ਪ੍ਰਸ਼ਾਦ ਨਾਲ ਮਨਾਇਆ ਗਿਆ। ਸੰਗਤ ਏਨੀ ਵੱਡੀ ਗਿਣਤੀ ਵਿਚ ਪਹੁੰਚ ਗਈ ਕਿ ਕੋਧਰੇ ਦੀ ਗਰਮਾ ਗਰਮ ਰੋਟੀ ਸੱਭ ਲਈ ਤਿਆਰ ਕਰਨੀ ਔਖੀ ਹੋ ਗਈ। ਸੱਭ ਤੋਂ ਪਹਿਲਾਂ ਭਾਈ ਲਾਲੋ ਦੀ ਬਗ਼ੀਚੀ ਵਿਚ ਸਥਿਤ ਭਾਈ ਲਾਲੋ ਦੀ ਕੋਠੜੀ ਦੇ ਬਰਾਂਡੇ, ਵਿਹੜੇ ਅਤੇ ਬਗ਼ੀਚੀ ਵਿਚ ਬੈਠ ਕੇ ਸੰਗਤ ਨੇ ਰਲ ਮਿਲ ਕੇ ਜਪੁ ਜੀ ਸਾਹਿਬ ਦਾ ਪਾਠ ਕੀਤਾ ਤੇ ਕੀਰਤਨ ਸਰਵਣ ਕੀਤਾ। ਇਸ ਉਪਰੰਤ ਕੋਧਰੇ ਦੀ ਰੋਟੀ ਅਤੇ ਸਾਗ ਦਾ ਪ੍ਰਸ਼ਾਦ ਵਰਤਾਇਆ ਜਾਣਾ ਸ਼ੁਰੂ ਹੋਇਆ ਤਾਂ ਸੰਗਤਾਂ ਦੇ ਜਜ਼ਬਾਤ ਵੇਖਣ ਵਾਲੇ ਸਨ। ਉਹ ਉਸ ਰੋਟੀ ਅਤੇ ਸਾਗ ਨੂੰ ਪ੍ਰਾਪਤ ਕਰਨਾ ਚਾਹੁੰਦੀਆਂ ਸਨ ਜੋ ਬਾਬੇ ਨਾਨਕ ਨੂੰ ਭਾਈ ਲਾਲੋ ਨੇ ਖਵਾਈ ਸੀ ਤੇ ਜਿਸ ਨੂੰ ਬਾਬਾ ਨਾਨਕ ਜੀ ਨੇ ਮਲਿਕ ਭਾਗੋ ਦੇ ਛੱਤੀ ਪਦਾਰਥਾਂ ਨਾਲੋਂ ਜ਼ਿਆਦਾ ਅਨੰਦ-ਦਾਇਕ ਦਸਿਆ ਸੀ। ਅੱਜ ਸੰਗਤਾਂ ਨੇ ਵੀ ਪ੍ਰਸ਼ਾਦ ਛਕਣ ਮਗਰੋਂ ਕਿਹਾ ਕਿ ਉਨ੍ਹਾਂ ਨੂੰ ਕੋਧਰੇ ਦੀ ਰੋਟੀ ਛੱਕ ਕੇ ਜੋ ਸਵਾਦ ਆਇਆ ਹੈ, ਉਸ ਨੂੰ ਉਹ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦੀਆ। ਸਮਾਗਮ ਦੀ ਪੂਰੀ ਰੀਪੋਰਟ, ਤਸਵੀਰਾਂ ਸਮੇਤ ਬੁਧਵਾਰ ਦੇ ਪਰਚੇ ਵਿਚ ਪ੍ਰਕਾਸ਼ਤ ਕੀਤੀ ਜਾਵੇਗੀ। ਇਸ ਮੌਕੇ ਸ. ਚਰਨਜੀਤ ਸਿੰਘ ਚੀਮਾ, ਲੁਧਿਆਣਾ ਨੇ ਅਪਣਾ ਚਾਰ ਲੱਖ ਦਾ ਬਾਂਡ ਤੇ ਉਸ ਉਤੇ ਮਿਲਣ ਵਾਲਾ ਤਿੰਨ ਸਾਲ ਦਾ ਪੂਰਾ ਵਿਆਜ 'ਉੱਚਾ ਦਰ' ਦੇ ਉਸਾਰੀ ਫ਼ੰਡ ਲਈ ਭੇਂਟ ਕਰ ਦਿਤਾ ਤਾਕਿ ਉਸਾਰੀ ਦਾ ਕੰਮ ਛੇਤੀ ਮੁਕਾ ਕੇ, 'ਉੱਚਾ ਦਰ' ਅਪਣਾ ਕੰਮ ਸ਼ੁਰੂ ਕਰ ਦੇਵੇ।