ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕਾਂ ਅਤੇ ਵਰਕਰਾਂ ਨਾਲ ਮੀਟਿੰਗਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੇਂ ਮੈਂਬਰ ਕਾਂਗਰਸ ਵਿਚ ਸ਼ਾਮਲ ;  ਵਾਲਮੀਕਿਆਂ ਵਲੋਂ ਕਾਂਗਰਸ ਨੂੰ ਬਿਨਾਂ ਸ਼ਰਤ ਸਮਰਥਨ

Capt Amarinder Singh meetings with MLA's and workers

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪਾਰਟੀ ਵਿਧਾਇਕਾਂ ਅਤੇ ਕਾਰਕੁੰਨਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਆਏ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਭਵਨ ਵਿਖੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। 

ਮੁੱਖ ਮੰਤਰੀ ਨੇ ਲੁਧਿਆਣਾ ਦੇ ਪਰਮਿੰਦਰ ਮਹਿਤਾ ਦਾ ਵਾਪਸ ਪੰਜਾਬ ਕਾਂਗਰਸ ਵਿਚ ਆਉਣ ਲਈ ਸਵਾਗਤ ਕੀਤਾ। ਉਨ੍ਹਾਂ ਨੇ ਹਰਮੀਤ ਸਿੰਘ ਪਠਾਨਮਾਜਰਾ ਦੇ ਵੀ ਕਾਂਗਰਸ ਵਿਚ ਆਉਣ ਨੂੰ ਯਕੀਨੀ ਬਣਾਇਆ ਜਿਸ ਨੇ ਪਟਿਆਲਾ ਲੋਕ ਸਭਾ ਹਲਕੇ ਵਿਚ ਪੈਂਦੇ ਸਨੌਰ ਵਿਧਾਨ ਸਭਾ ਹਲਕੇ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਹਰਮੀਤ ਦੇ ਕਾਂਗਰਸ ਵਿਚ ਆਉਣ ਨਾਲ ਪਟਿਆਲਾ ਵਿਚ ਕਾਂਗਰਸ ਨੂੰ ਹੁਲਾਰਾ ਮਿਲੇਗਾ।   

ਕਾਂਗਰਸ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਨੂੰ ਹੋਰ ਹੁਲਾਰਾ ਉਸ ਵੇਲੇ ਮਿਲਿਆ ਜਦੋਂ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੀ ਅਗਵਾਈ ਵਿਚ ਵਾਲਮੀਕਿ ਸਮਾਜ ਮੁੱਖ ਮੰਤਰੀ ਨੂੰ ਮਿਲਿਆ ਅਤੇ ਉਸ ਨੇ ਕਾਂਗਰਸ ਨੂੰ ਬਿਨ੍ਹਾਂ ਸ਼ਰਤ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ। ਵੇਰਕਾ ਨੇ ਕਿਹਾ ਕਿ ਵਾਲਮੀਕਿ ਸਮਾਜ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿਚ ਪੂਰਾ ਵਿਸ਼ਵਾਸ ਹੈ। ਬਾਅਦ ਵਿਚ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੇ ਫ਼ੈਸਲੇ ਨਾਲ ਕਾਂਗਰਸ 'ਤੇ ਕੋਈ ਅਸਰ ਨਹੀਂ ਪਵੇਗਾ।

ਹਰਬੰਸ ਕੌਰ ਨੇ 2002 ਦੀ ਚੋਣ ਜਿੱਤੀ ਸੀ ਪਰ ਉਹ 2007 ਵਿਚ ਹਾਰ ਗਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਲਾਲ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਜਨਰਲ ਸਕੱਤਰ ਇੰਚਾਰਜ ਪੀ.ਪੀ.ਸੀ.ਸੀ. ਕੈਪਟਨ ਸੰਦੀਪ ਸੰਧੂ ਅਤੇ ਮੈਂਬਰ ਹੀਰਾ ਸੋਢੀ ਵੀ ਹਾਜ਼ਰ ਸਨ।