ਕਰਫ਼ੀਊ ਅਤੇ ਲਾਕਡਾਊਨ ਦੀ ਸਥਿਤੀ 'ਚ ਕਣਕ ਦੀ ਖ਼ਰੀਦ ਦਾ ਕੰਮ ਬਹੁਤ ਚੁਨੌਤੀ ਭਰਿਆ : ਆਸ਼ੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸਰਕਾਰ ਨੇ ਕੀਤੇ ਖ਼ਰੀਦ ਦੇ ਪੂਰੇ ਪ੍ਰਬੰਧ, ਕਿਸਾਨਾਂ ਦੀ ਕਣਕ ਦਾ ਕਾਣਾ ਦਾਣਾ ਪੂਰੇ ਮੁੱਲ 'ਤੇ ਚੁਕਿਆ ਜਾਵੇਗਾ

File photo

ਚੰਡੀਗੜ੍ਹ, 15 ਅਪ੍ਰੈਲ (ਗੁਰਉਪਦੇਸ਼ ਭੁੱਲਰ): ਕਰਫ਼ੀਊ ਤੇ ਲਾਕਡਾਊਨ ਦੀ ਸਥਿਤੀ ਦੇ ਚਲਦੇ ਪੰਜਾਬ 'ਚ ਕਣਕ ਦੀ ਖ਼ਰੀਦ ਦਾ ਕੰਮ ਬਹੁਤ ਚੁਨੌਤੀ ਭਰਿਆ ਹੈ ਪਰ ਰਾਜ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹਨ। ਅੱਜ ਰਾਜ 'ਚ ਕਣਕ ਦੀ ਖ਼ਰੀਦ ਦਾ ਕੰਮ ਸ਼ੁਰੂ ਹੋਣ ਮੌਕੇ ਖੁਰਾਕ, ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਪੋਕਸਮੈਨ ਟੀ.ਵੀ. ਨਾਲ ਵਿਸ਼ੇਸ਼ ਗੱਲਬਾਤ 'ਚ ਕਿਹਾ ਕਿ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਉਹ ਲਗਾਤਾਰ ਪਿਛਲੇ 10 ਦਿਨਾਂ ਤੋਂ ਤਿਆਰੀਆਂ 'ਚ ਲੱਗੇ ਹੋਏ ਸਨ।

ਕਿਸਾਨਾਂ ਦੀ ਸਹੂਲਤ ਲਈ ਖ਼ਰੀਦ ਕੇਂਦਰਾਂ ਦੀ ਗਿਣਤੀ ਵਧਾ ਕੇ 4000 ਤਕ ਕੀਤੀ ਗਈ ਹੈ। ਕਿਸਾਨਾਂ ਨੂੰ ਮੰਡੀਆਂ 'ਚ ਆਉਣ ਲਈ ਹੋਲੋਗ੍ਰਾਮ ਵਾਲੇ ਵਿਸ਼ੇਸ਼ ਪਾਸ ਬਣਾਏ ਜਾ ਰਹੇ ਹਨ। ਕਣਕ ਦੀ ਖ਼ਰੀਦ ਦੇ ਕੰਮ ਦੇ ਨਾਲ ਹੀ ਕੋਰੋਨਾ ਸੰਕਟ ਦੇ ਮੱਦੇਨਜ਼ਰ ਮੰਡੀ ਬੋਰਡ ਹੋਰ ਵਿਭਾਗਾਂ ਨਾਲ ਤਾਲਮੇਲ ਕਰ ਕੇ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਲ ਵੀ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਕਿਸਾਨਾਂ ਅਤੇ ਮੰਡੀਆਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਹੋਰ ਲੋਕਾਂ ਲਈ 80 ਹਜ਼ਾਰ ਲਿਟਰ ਸੈਨੇਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ।

ਪੰਜਾਬ ਦੀ ਕਣਕ ਦੀ ਖ਼ਰੀਦ ਦੇ ਕੰਮ 'ਚ 25-30 ਹਜ਼ਾਰ ਕਰੋੜ ਰੁਪਏ ਦੀ ਆਰਥਿਕਤਾ ਜੁੜੀ ਹੋਈ ਹੈ। ਇਸ 'ਚ ਆੜ੍ਹਤੀਆਂ, ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਆਦਿ ਨੂੰ ਕੰਮ ਮਿਲ ਰਿਹਾ ਹੈ। ਭਾਰਤ ਭੂਸ਼ਣ ਆਸ਼ੂ ਨੇ ਅੱਗੇ ਦਸਿਆ ਕਿ ਇੰਤਜ਼ਾਮਾਂ 'ਚ ਕੋਈ ਕਮੀ ਨਹੀਂ। ਕੰਬਾਇਨਾਂ ਵੀ ਯੂ.ਪੀ. ਤੇ ਮੱਧ ਪ੍ਰਦੇਸ਼ ਆਦਿ ਤੋਂ ਕਣਕ ਦੀ ਕਟਾਈ ਲਈ ਵਾਪਸ ਆ ਰਹੀਆਂ ਹਨ ਜਿਨ੍ਹਾਂ ਦੀ ਆਵਾਜਾਈ 'ਚ ਕੋਈ ਰੋਕ ਨਹੀਂ। ਖੇਤੀ ਮਸ਼ੀਨਰੀ ਨਾਲ ਜੁੜੀਆਂ ਸਪੇਅਰ ਪਾਰਟਸ ਦੀਆਂ ਦੁਕਾਨਾਂ ਵੀ ਖੁਲ੍ਹੀਆਂ ਰਖੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਇਕ ਸਵਾਲ ਦੇ ਜਵਾਬ 'ਚ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨਾਂ ਉਤੇ ਮੰਡੀ 'ਚ ਸਿਰਫ਼ ਇਕ ਟਰਾਲੀ 'ਚ 50 ਕੁਇੰਟਲ ਕਣਕ ਲਿਆਉਣ ਦੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਇਹ ਆੜ੍ਹਤੀਏ ਦੀ ਮਰਜ਼ੀ ਹੈ ਕਿ ਕਿਸਾਨ ਨੂੰ ਇਕ ਪਾਸ ਦਿੰਦਾ ਹੈ ਜਾਂ ਚਾਰ। ਕਿਸਾਨ ਨੂੰ ਜ਼ਿਆਦਾ ਪਾਸ ਮਿਲਦੇ ਹਨ ਤਾਂ ਉਹ ਜ਼ਿਆਦਾ ਕਣਕ ਵੀ ਲਿਆ ਸਕਦਾ ਹੈ। ਭਾਵੇਂ ਟਰੱਕ ਭਰ ਕੇ ਇਕੋ ਵੇਲੇ 400 ਕੁਇੰਟਲ ਲੈ ਆਵੇ ਪਰ ਮੰਡੀ 'ਚ ਨਿਰਧਾਰਤ ਥਾਂ ਮੁਤਾਬਕ ਹੀ ਫ਼ਸਲ ਲਾਹੀ ਜਾਣੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਵੀ 48 ਘੰਟਿਆਂ 'ਚ ਦੇਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਪਹਿਲਾਂ ਵੀ ਰੀਕਾਰਡ ਰਿਹਾ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਸਮੇਂ ਸਿਰ ਚੁੱਕੀਆਂ ਗਈਆਂ। ਹੁਣ ਵੀ ਉਨ੍ਹਾਂ ਦਾ ਸਪੱਸ਼ਟ ਐਲਾਨ ਹੈ ਕਿ ਕਿਸਾਲਾਂ ਦੀ ਕਣਕ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ ਤੇ ਵਾਜਿਬ ਰੇਟ ਵੀ ਸਮੇਂ ਸਿਰ ਮਿਲੇਗਾ। ਕਿਸਾਨਾਂ ਦੀ ਕਣਕ ਦਾ ਇਕ ਇਕ ਦਾਣਾ ਖ਼ਤਮ ਹੋਣ ਤਕ ਖ਼ਰੀਦ ਜਾਰੀ ਰਹੇਗੀ।

ਮੰਤਰੀ ਦਾ ਦਾਅਵਾ ਹੈ ਕਿ ਹਾਲੇ ਖ਼ਰੀਦ ਦੀ ਸ਼ੁਰੂਆਤ ਹੈ ਪਰ ਅਗਲੇ 2-3 ਦਿਨਾਂ 'ਚ ਸਾਰਾ ਕੰਮ ਸੁਚਾਰੂ ਤਰੀਕੇ ਨਾਲ ਚੱਲੇਗਾ ਜਿਸ ਤੋਂ ਬਾਅਦ ਕੋਈ ਮੁਸ਼ਕਲ ਨਹੀਂ ਰਹੇਗੀ। ਕਣਕ ਦੇ ਭੰਡਾਰ ਲਈ ਥਾਂ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਇਸ ਸਮੇਂ ਕੋਰੋਨਾ ਸੰਕਟ ਕਾਰਨ ਪੰਜਬ ਦੇ ਗੋਦਾਮਾਂ 'ਚੋਂ ਹਰ ਰੋਜ਼ 50 ਹਜ਼ਾਰ ਟਨ ਤੋਂ ਵੱਧ ਅਨਾਜ ਦੂਜੇ ਰਾਜਾਂ 'ਚ ਜਾ ਰਿਹਾ ਹੈ। ਹੁਣ ਤਕ 12-13 ਲੱਖ ਟਨ ਅਨਾਜ ਬਾਹਰ ਜਾ ਚੁੱਕਾ ਹੈ, ਜਿਸ ਕਰ ਕੇ ਅਨਾਜ ਭੰਡਾਰ ਲਈ ਥਾਂ ਦੀ ਕੋਈ ਸਮੱਸਿਆ ਨਹੀਂ ਹੈ।