ਦੁਨੀਆਂ ਭਰ 'ਚ ਕੋਰੋਨਾ ਵਾਇਰਸ ਨਾਲ ਖ਼ਾਲਸਾ ਏਡ ਵਲੋਂ ਲੜੀ ਜਾ ਰਹੀ ਹੈ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੀ ਮਹਾਂਮਰੀ 'ਚ ਅੱਜ ਜਿਥੇ ਕਈ ਲੋਕ ਅਪਣੇ ਪ੍ਰਵਾਰਕ ਮੈਂਬਰਾਂ ਦੀਆਂ ਮ੍ਰਿਤਕ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਰਹੇ ਨੇ, ਉੱਥੇ ਕਈ ਸੰਸਥਾਵਾਂ ਇਨਸਾਨੀਅਤ

File photo

ਚੰਡੀਗੜ੍ਹ, 15 ਅਪ੍ਰੈਲ : ਕੋਰੋਨਾ ਵਾਇਰਸ ਦੀ ਮਹਾਂਮਰੀ 'ਚ ਅੱਜ ਜਿਥੇ ਕਈ ਲੋਕ ਅਪਣੇ ਪ੍ਰਵਾਰਕ ਮੈਂਬਰਾਂ ਦੀਆਂ ਮ੍ਰਿਤਕ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਰਹੇ ਨੇ, ਉੱਥੇ ਕਈ ਸੰਸਥਾਵਾਂ ਇਨਸਾਨੀਅਤ ਨੂੰ ਅੱਗੇ ਰੱਖ ਕੇ ਕੰਮ ਕਰ ਰਹੀਆਂ ਨੇ। ਖ਼ਾਲਸਾ ਏਡ ਵੀ ਇਨ੍ਹਾਂ ਸੰਸਥਾਵਾਂ ਵਿਚੋਂ ਹੀ ਇਕ ਹੈ। ਖ਼ਾਲਸਾ ਏਡ ਪੰਜਾਬ ਤੋਂ ਅਮਰਪ੍ਰੀਤ ਸਿੰਘ ਨੇ ਦਸਿਆ ਕਿ ਭਾਵੇਂ ਕਿ ਦੁਨੀਆਂ ਦੇ ਹਾਲਾਤ ਬਹੁਤ ਖ਼ਰਾਬ ਨੇ, ਪਰ ਖ਼ਾਲਸਾ ਏਡ ਇੰਨ੍ਹਾਂ ਹਾਲਾਤਾਂ ਨਾਲ ਲੜਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਅਸੀਂ ਸਭ ਤੋਂ ਪਹਿਲਾਂ ਪੰਜਾਬ ਵਿਚ ਮੈਡੀਕਲ ਸਹੂਲਤ ਸ਼ੁਰੂ ਕੀਤੀ, ਜਿਸ ਵਿਚ ਦਵਾਈਆਂ, ਮਾਸਕ, ਪੀਪੀਈ ਕਿੱਟਾਂ ਪਹੁੰਚਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਦੁਆਬੇ ਵਿਚ ਮਜ਼ਦੂਰ ਤਬਕੇ ਲਈ ਲੰਗਰ ਵੀ ਪਹੁੰਚਾਇਆ ਗਿਆ।

ਅਮਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਕ ਦੂਜੇ ਦੀ ਮਦਦ ਲਈ ਅੱਗੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸੇਵਾ ਲਈ ਲੋੜੀਂਦੇ ਸਮਾਨ ਲਈ ਮਹਿੰਗੀ ਰਕਮ ਅਦਾ ਕਰਨੀ ਪੈ ਰਹੀ ਹੈ, ਪਰ ਫ਼ਿਰ ਵੀ ਉਹ ਇਸ ਔਖੇ ਸਮੇਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦਸਿਆ ਕਿ ਉਹ ਪੰਜਾਬ ਤੋਂ ਬਾਅਦ ਦਿੱਲੀ, ਹਿਮਚਾਲ, ਰਾਜਸਥਾਨ, ਹਰਿਆਣਾ ਅਤੇ ਜੰਮੂ ਕਸ਼ਮੀਰ ਵਿਚ ਇਹ ਸੇਵਾ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦਸਿਆ ਕਿ ਕੋਈ ਵੀ ਵਿਅਕਤੀ ਕਿਸੇ ਜ਼ਰੂਰਤ ਸਮੇਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ, ਚਾਹੇ ਕੋਈ ਵੀ ਦੇਸ਼ ਹੋਵੇ। ਉਨ੍ਹਾਂ ਲੋਕਾਂ ਨੂੰ ਧਰਮ, ਜਾਤ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਮਦਦ ਅਤੇ ਸਥਾਨਕ ਸਰਕਾਰਾਂ ਦੀ ਹਦਾਇਤਾਂ ਦੀ ਪਾਲਣਾ ਕਰਨ ਲਈ ਬੇਨਤੀ ਕੀਤੀ।