ਤਾਲਾਬੰਦੀ ਸਹੀ ਦਵਾਈ ਹੈ, ਪਰ ਇਸ ਦੇ ਬੁਰੇ ਪ੍ਰਭਾਵ ਦੁਖਦਾਈ : ਬਾਦਲ
ਕੋਰੋਨਾ ਵਿਰੁਧ ਆਜ਼ਾਦੀ ਅੰਦੋਲਨ ਦੀ ਭਾਵਨਾ ਨਾਲ ਲੜਨ ਦਾ ਸੱਦਾ
ਚੰਡੀਗੜ੍ਹ/15 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੇਸ਼ ਭਰ ਵਿਚ ਕੀਤੀ ਗਈ ਤਾਲਾਬੰਦੀ ਇਕ ਸਹੀ ਦਵਾਈ ਹੈ, ਪਰ ਇਸ ਦੇ ਬੁਰੇ ਪ੍ਰਭਾਵ ਬਹੁਤ ਦੁਖਦਾਈ ਹਨ, ਜਿਹਨਾਂ ਵਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਹ ਕਿਧਰੇ ਬੀਮਾਰੀ ਤੋਂ ਵੀ ਖ਼ਤਰਨਾਕ ਨਾ ਬਣ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਬੁਰੇ ਪ੍ਰਭਾਵਾਂ ਤੋਂ ਸੱਭ ਤੋਂ ਵਧ ਗ਼ਰੀਬ ਖ਼ਾਸ ਕਰ ਕੇ ਦਿਹਾੜੀਦਾਰ ਪ੍ਰਭਾਵਤ ਹੋਏ ਹਨ, ਜਿਨ੍ਹਾਂ ਦੀ ਤੁਰਤ ਦੇਖਭਾਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਬਾਕੀ ਘੱਟ ਆਮਦਨ ਵਾਲੇ ਗਰੁੱਪ ਵੀ ਜ਼ਿਆਦਾ ਪਿਛੇ ਨਹੀਂ ਹਨ। ਸ. ਬਾਦਲ ਨੇ ਕਿਹਾ ਕਿ ਹੁਣ ਤਾਂ ਮੱਧ ਵਰਗ ਦੇ ਲੋਕਾਂ ਵਾਸਤੇ ਵੀ ਇਨ੍ਹਾਂ ਬੁਰੇ ਪ੍ਰਭਾਵਾਂ ਨਾਲ ਨਜਿੱਠਣਾ ਔਖਾ ਹੋਣਾ ਸ਼ੁਰੂ ਹੋ ਗਿਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁਧ ਲੜਾਈ ਵਾਸਤੇ ਉਸੇ ਭਾਵਨਾ ਦੀ ਲੋੜ ਹੈ, ਜਿਸ ਤਰ੍ਹਾਂ ਦੀ ਭਾਵਨਾ ਲੋਕਾਂ ਅੰਦਰ ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਵਿਖਾਈ ਦਿਤੀ ਸੀ,
ਕਿਉੰਕਿ ਇਹ ਵੀ ਹਰ ਨਾਗਰਿਕ ਵਾਸਤੇ ਆਜ਼ਾਦੀ ਅੰਦੋਲਨ ਵਰਗੀ ਹੀ ਇੱਕ ਗੰਭੀਰ ਚੁਣੌਤੀ ਹੈ। ਸਰਦਾਰ ਬਾਦਲ ਨੇ ਉਹਨਾਂ ਲੋਕਾਂ ਦੁਆਰਾ ਵਿਖਾਈ ਰਾਸ਼ਟਰੀ ਜ਼ਿੰਮੇਵਾਰੀ ਦੀ ਭਾਵਨਾ ਦੀ ਸ਼ਲਾਘਾ ਕੀਤੀ, ਜਿਹਨਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਖੀ ਗਈ ਹਰ ਗੱਲ ਦੀ ਪੂਰੀ ਤਨਦੇਹੀ ਨਾਲ ਪਾਲਣਾ ਕੀਤੀ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਹੁਣ ਸਰਕਾਰਾਂ ਦੀ ਵਾਰੀ ਹੈ ਕਿ ਉਹ ਲੋਕਾਂ ਦੀਆਂ ਤਕਲੀਫਾਂ ਵੱਲ ਪੂਰੀ ਤਰ੍ਹਾਂ ਧਿਆਨ ਦੇਣ।
ਸਾਬਕਾ ਮੁੱਖ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਇਸ ਮਹਾਂਮਾਰੀ ਉੱਤੇ ਧਿਆਨ ਕੇਂਦਰਿਤ ਹੋਣ ਦੇ ਬਾਵਜੂਦ ਪੁਰਾਣੇ ਰੋਗਾਂ ਤੋਂ ਪੀੜਤ ਆਮ ਲੋਕਾਂ ਲਈ ਸਿਹਤ ਸਹੂਲਤਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਭੁੱਖਮਰੀ ਤੇ ਗਰੀਬੀ, ਬੇਰੁਜ਼ਗਾਰੀ ਅਤੇ ਆਰਥਿਕ ਮੰਦੀ ਨੂੰ ਇਸ ਮਹਾਂਮਾਰੀ ਦੇ ਤਿੰਨ ਮੌਜੂਦਾ, ਦਰਮਿਆਨੇ ਅਤੇ ਦੂਰਗਾਮੀ ਬੁਰੇ ਪ੍ਰਭਾਵ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਇਹਨਾਂ ਤਿੰਨਾਂ ਦਾ ਮੁਕਾਬਲਾ ਕਰਨ ਲਈ ਇੱਕ ਠੋਸ ਰਣਨੀਤੀ ਘੜਣ ਦਾ ਸੱਦਾ ਦਿੱਤਾ।
ਸਾਬਕਾ ਮੁੱਖ ਮੰਤਰੀ ਨੇ ਅੱਜ ਐਲਾਨੀਆਂ ਪਾਬੰਦੀਆਂ 'ਚ ਛੋਟ ਦੀਆਂ ਸ਼ਰਤਾਂ ਦਾ ਸਵਾਗਤ ਕੀਤਾ, ਪਰ ਨਾਲ ਲੋਕਾਂ ਖਾਸ ਕਰਕੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰ ਖੇਤਰਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਬਹੁਤ ਹੀ ਚੌਕਸ ਰਹਿਣ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਸਤਿਕਾਰ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਤੁਹਾਡੀਆਂ ਅਤੇ ਤੁਹਾਡੇ ਪਰਿਵਾਰਾਂ ਦੀ ਜ਼ਿੰਦਗੀਆਂ ਦਾਅ ਉੱਤੇ ਲੱਗੀਆਂ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਮਹਾਂਮਾਰੀ ਖ਼ਿਲਾਫ ਲੜਾਈ ਲੜਣ ਵਾਲੇ ਉਹਨਾਂ ਯੋਧਿਆਂ ਖਾਸ ਕਰਕੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਸਲਾਮ ਕਰਦੇ ਹਨ, ਜਿਹੜੇ ਜੰਗ ਦੇ ਮੈਦਾਨ ਵਿਚ ਖੜ੍ਹੇ ਹੋ ਕੇ ਆਪਣੀਆਂ ਜ਼ਿੰਦਗੀਆਂ ਖਤਰੇ ਵਿਚ ਪਾ ਰਹੇ ਹਨ ਜਦਕਿ ਅਸੀਂ ਆਪਣੇ ਘਰਾਂ ਅੰਦਰ ਬੈਠੇ ਹਾਂ। ਉਹਨਾਂ ਕਿਹਾ ਕਿ ਉਹ ਬਹੁਤ ਵੱਡੇ ਸਤਿਕਾਰ ਅਤੇ ਸ਼ੁਕਰਾਨੇ ਦੇ ਹੱਕਦਾਰ ਹਨ।