ਰਾਜਸਥਾਨ ਅਤੇ ਪੱਛਮੀ ਬੰਗਾਲ 'ਚ ਫਸੇ ਹਜ਼ਾਰਾਂ ਪੰਜਾਬੀ ਖੇਤ ਮਜ਼ਦੂਰ ਅਤੇ ਕੰਬਾਈਨ ਚਾਲਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੀ ਤਾਲਾਬੰਦੀ (ਲਾਕਡਾਉਨ) ਦੀ ਮਿਆਦ 3 ਮਈ ਤਕ ਵਧਾਉਣ ਤੋਂ ਬਾਅਦ ਰਾਜਸਥਾਨ ਅਤੇ ਪੱਛਮੀ ਬੰਗਾਲ 'ਚ ਫ਼ਸਲਾਂ ਦੀ ਵਾਢੀ ਲਈ ਗਏ ਮਜ਼ਦੂਰਾਂ ਅਤੇ

File photo

ਕੋਟਕਪੂਰਾ, 15 ਅਪ੍ਰੈਲ (ਗੁਰਿੰਦਰ ਸਿੰਘ): ਦੇਸ਼ ਦੀ ਤਾਲਾਬੰਦੀ (ਲਾਕਡਾਉਨ) ਦੀ ਮਿਆਦ 3 ਮਈ ਤਕ ਵਧਾਉਣ ਤੋਂ ਬਾਅਦ ਰਾਜਸਥਾਨ ਅਤੇ ਪੱਛਮੀ ਬੰਗਾਲ 'ਚ ਫ਼ਸਲਾਂ ਦੀ ਵਾਢੀ ਲਈ ਗਏ ਮਜ਼ਦੂਰਾਂ ਅਤੇ ਕੰਬਾਈਨ ਚਾਲਕਾਂ ਦੇ ਪਰਵਾਰਾਂ ਦੀਆਂ ਚਿੰਤਾਵਾਂ 'ਚ ਵਾਧਾ ਹੋਣਾ ਸੁਭਾਵਕ ਹੈ ਕਿਉਂਕਿ ਗੁਜਰਾਤ ਅਤੇ ਹਜ਼ੂਰ ਸਾਹਿਬ ਸਮੇਤ ਵੱਖ-ਵੱਖ ਰਾਜਾਂ 'ਚ ਫਸੇ ਟਰੱਕ ਚਾਲਕ ਜਾਂ ਸੰਗਤਾਂ ਬਾਰੇ ਪਹਿਲਾਂ ਹੀ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ। ਗੁਜਰਾਤ, ਰਾਜਸਥਾਨ, ਪੱਛਮੀ ਬੰਗਾਲ, ਮਹਾਂਰਾਸ਼ਟਰ ਜਾਂ ਹੋਰਨਾ ਰਾਜਾਂ 'ਚ ਫਸੇ ਲੋਕਾਂ ਵਲੋਂ ਵਾਪਸ ਘਰ ਪਰਤਣ ਲਈ ਵੀਡੀਉ ਜਾਰੀ ਕਰ ਕੇ ਸ਼ੋਸ਼ਲ ਮੀਡੀਆ ਰਾਹੀਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

ਇਸ ਇਲਾਕੇ ਦੇ ਰਾਜਸਥਾਨ ਗਏ ਖੇਤ ਮਜ਼ਦੂਰਾਂ ਅਤੇ ਪੱਛਮੀ ਬੰਗਾਲ 'ਚ ਫਸੇ ਕੰਬਾਈਨ ਚਾਲਕਾਂ ਨੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਵੀਡੀਉ ਅਤੇ ਫ਼ੋਟੋਆਂ ਭੇਜ ਕੇ ਮਦਦ ਮੰਗੀ ਹੈ। ਇਸ ਮਾਮਲੇ 'ਚ ਵਿਧਾਇਕ ਸੰਧਵਾਂ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਤੋਂ ਉਕਤ ਪਰਵਾਰਾਂ ਨੂੰ ਪੰਜਾਬ 'ਚ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਖੇਤ ਮਜ਼ਦੂਰ ਅਪਣੇ ਪਰਵਾਰਾਂ ਸਮੇਤ ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਸਮੇਤ ਹੋਰ ਵੱਖ ਵੱਖ ਰਾਜਾਂ 'ਚ ਅਗੇਤੀਆਂ ਫਸਲਾਂ ਦੀ ਵਾਢੀ ਲਈ ਜਾਂਦੇ ਹ।

ਇਸ ਸਾਲ ਵੀ ਮਾਰਚ ਦੇ ਪਹਿਲੇ ਅਤੇ ਦੂਜੇ ਹਫ਼ਤੇ ਦੌਰਾਨ ਸੂਬੇ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਫ਼ਰੀਦਕੋਟ ਜ਼ਿਲੇ ਦੇ ਵੱਖ-ਵੱਖ ਪਿੰਡਾਂ 'ਚੋਂ ਅਨੇਕਾਂ ਖੇਤ ਮਜ਼ਦੂਰ ਜਾਂ ਕੰਬਾਈਨ ਚਾਲਕ ਰੋਜੀ ਰੋਟੀ ਲਈ ਕਈ ਰਾਜਾਂ 'ਚ ਗਏ ਪਰ 22 ਮਾਰਚ ਤੋਂ ਸ਼ੁਰੂ ਦੇਸ਼ਵਿਆਪੀ ਤਾਲਾਬੰਦੀ 'ਚ ਉੱਥੇ ਹੀ ਫਸ ਕੇ ਰਹਿ ਗਏ। ਪੱਛਮੀ ਬੰਗਾਲ ਦੇ ਵਰਧਮਾਨ ਜ਼ਿਲ੍ਹੇ 'ਚ ਫਸੇ ਪੰਜਾਬ ਦੇ ਕੰਬਾਈਨ ਚਾਲਕਾਂ ਨੇ ਆਖਿਆ ਕਿ ਉਹ ਅਪਣੇ ਘਰ-ਪਰਿਵਾਰ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਬੈਠੇ ਹਨ। ਵਾਪਸ ਆਉਣ ਦਾ ਕੋਈ ਵੀ ਸਾਧਨ ਨਾ ਹੋਣ ਕਾਰਨ ਲਾਚਾਰ ਹੋ ਚੁੱਕੇ ਹਨ।