ਸਿਰਸਾ, 15 ਅਪ੍ਰੈਲ (ਸੁਰਿੰਦਰ ਪਾਲ ਸਿੰਘ) : ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਖਿਲਾਫ ਲੜਾਈ ਵਿੱਚ ਸਾਰੇ ਦੇਸ਼ ਵਾਸੀ ਆਪਣੇ ਆਪਣੇ ਢੰਗ ਨਾਲ ਸਥਾਨਕ ਪ੍ਰਸਾਸ਼ਨ ਦਾ ਸਹਿਯੋਗ ਕਰ ਰਹੇ ਹਨ। ਹਰਿਆਣਾ ਸਰਕਾਰ ਦਾ ਪੂਰਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਜੂਝ ਰਿਹਾ ਹੈ।
ਇਸ ਵਿਚ ਹਰਿਆਣਾ ਵਾਸੀਆਂ ਦਾ ਸਹਿਯੋਗ ਵੀ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ। ਇਸੇ ਦੇ ਚਲਦਿਆਂ ਕਰੋਨਾ ਨੂੰ ਹਰਾਕੇ ਬੰਸਲ ਕਲੋਨੀ ਨਿਵਾਸੀ ਅੱਠ ਸਾਲ ਦਾ ਤਾਰੁਸ਼ ਅਤੇ ਪੰਜ ਸਾਲ ਦੀ ਅਨਾਇਆ ਘਰ ਵਾਪਸ ਆ ਆਏ ਹਨ। ਇਨ੍ਹਾਂ ਬੱਚਿਆਂ ਦੀ ਮੈਡੀਕਲ ਰਿਪੋਰਟ ਨੇਗੇਟਿਵ ਆਉਣ ਦੇ ਬਾਅਦ ਹਸਪਤਾਲ ਵਲੋਂ ਦੋਹਾਂ ਨੂੰ ਛੁੱਟੀ ਦੇ ਦਿਤੀ ਗਈ। ਸਰਕਾਰੀ ਹਸਪਤਾਲ ਦੀਆਂ ਸਟਾਫ਼ ਨਰਸਾਂ ਨੇ ਦੋਹੇਂ ਭੈਣ ਭਰਾ ਨੂੰ ਵਿਦਾ ਕਰਦੇ ਸਮੇਂ ਗਿਫਟ ਦੇ ਕੇ ਅਤੇ ਤਾਲੀਆਂ ਵਜਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਅਪਣੇ ਪਿਤਾ ਅਮਿਤ ਮੱਕੜ ਨਾਲ 14 ਦਿਨ ਬਾਅਦ ਘਰ ਪੁੱਜਦੇ ਹੀ ਦੋਵੇਂ ਭੈਣ ਭਰਾ ਆਪਣੇ ਦਾਦਾ-ਦਾਦੀ ਦੇ ਗਲੇ ਮਿਲੇ ਅਤੇ ਚਾਚਾ ਚਾਚੀ ਨੇ ਵੀ ਉਨ੍ਹਾਂ ਨੂੰ ਗਲ ਨਾਲ ਲਾ ਕੇ ਸਵਾਗਤ ਕੀਤਾ।
ਸਰਕਾਰੀ ਹਸਪਤਾਲ ਦੇ ਸੀਐਮਓ ਇੰਦਰ ਨੈਨ ਨੇ ਦੱਸਿਆ ਕਿ ਦੋਹਾਂ ਬੱਚਿਆਂ ਦੀ ਤੀਜੀ ਰਿਪੋਰਟ ਵੀ ਨਿਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਕਿ ਦੋਹੇਂ ਬੱਚੇ ਡਾਕਟਰ ਦੀ ਸਲਾਹ ਮੰਨਕੇ ਸਮੇਂ ਤੇ ਦਵਾਈ ਲੈਂਦੇ ਸਨ ਅਤੇ ਦੋਹਾਂ ਦੀ ਇੱਛਾਸ਼ਕਤੀ ਮਜ਼ਬੂਤ ਹੋਣ ਤੇ ਇਹ ਜਲਦੀ ਠੀਕ ਹੋ ਗਏ। ਹਸਪਤਾਲ ਵਿੱਚੋ ਘਰ ਪਰਤੇ ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਘਰ ਆਉਣ ਲੱਗਿਆਂ ਡਾਕਟਰ ਅੰਕਲ ਨੇ ਸਾਨੂੰ ਚਾਕਲੇਟ,ਪੈਨ ਕਾਪੀਆਂ ਅਤੇ ਹੋਰ ਗਿਫਟ ਦਿਤੇ।