ਧੀਮੀ ਰਫ਼ਤਾਰ ਨਾਲ ਸ਼ੁਰੂ ਹੋਈ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਖ਼ਰੀਦ
ਪਹਿਲੇ ਦਿਨ 50 ਹਜ਼ਾਰ ਟਨ ਕਣਕ ਦੀ ਆਮਦ ਦਾ ਅਨੁਮਾਨ
ਚੰਡੀਗੜ੍ਹ, 15 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਦੀਆਂ ਮੰਡੀਆਂ 'ਚ ਕੋਰੋਨਾ ਸੰਕਟ ਦੇ ਚਲਦੇ ਸਰਕਾਰ ਵਲੋਂ ਕਰਫ਼ੀਊ ਦੀ ਸਥਿਤੀ ਦੌਰਾਨ ਅੱਜ ਸਰਕਾਰ ਵਲੋਂ ਸ਼ੁਰੂ ਕੀਤੀ ਕਣਕ ਦੀ ਖ਼ਰੀਦ ਧੀਮੀ ਰਫ਼ਤਾਰ ਨਾਲ ਸ਼ੁਰੂ ਹੋਈ ਹੈ। ਕਿਸਾਨਾਂ ਨੂੰ ਕਈ ਥਾਈਂ ਕੁੱਝ ਤਕਨੀਕੀ ਕਾਰਨਾਂ ਕਰ ਕੇ ਸਮੇਂ ਸਿਰ ਪਾਸ ਨਾ ਮਿਲਣ ਕਾਰਨ ਵੀ ਅੱਜ ਪਹਿਲੇ ਦਿਨ ਸਰਕਾਰ ਵਲੋਂ ਮੰਡੀਆਂ 'ਚ ਕੀਤੇ ਸਾਰੇ ਪ੍ਰਬੰਧਾਂ ਦੇ ਬਾਵਜੂਦ ਕਣਕ ਦੀ ਆਮਦ ਕਾਫ਼ੀ ਘੱਟ ਹੋਈ ਹੈ। ਹਾਲੇ ਕਈ ਥਾਈਂ ਤਾਂ ਕਣਕ ਦੀ ਕਟਾਈ ਵੀ ਸ਼ੁਰੂ ਨਹੀਂ ਹੋਈ ਜਿਸ ਕਰ ਕੇ 20 ਅਪ੍ਰੈਲ ਤੋਂ ਬਾਅਦ ਆਮਦ 'ਚ ਤੇਜ਼ੀ ਆਉਣ ਦੇ ਆਸਾਰ ਹਨ।
ਆੜ੍ਹਤੀਆਂ ਦੀ ਐਸੋਸੀਏਸ਼ਨ ਦੇ ਇਕ ਗਰੁੱਪ ਵਲੋਂ ਪਿਛਲੇ ਬਕਾਇਆ ਕਮਿਸ਼ਨ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਬਾਈਕਾਟ ਦੇ ਸੱਦੇ ਦਾ ਵੀ ਥੋੜਾ ਅਸਰ ਹੈ ਕਿਉਂਕਿ ਕਈ ਥਾਈਂ ਆੜ੍ਹਤੀਆਂ ਨੇ ਸਮੇਂ ਸਿਰ ਕਿਸਾਨਾਂ ਲਈ ਪਾਸ ਲੈਣ ਲਈ ਹੀ ਉਪਰਾਲਾ ਨਹੀਂ ਕੀਤਾ। ਇਹ ਬਾਈਕਾਟ 20 ਅਪ੍ਰੈਲ ਤਕ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਦੂਜੇ ਪਾਸੇ ਪੰਜਾਬ ਮੰਡੀ ਬੋਰਡ ਨੇ ਬਾਈਕਾਟ ਦੇ ਸੱਦੇ ਦਾ ਸਖ਼ਤ ਨੋਟਿਸ ਲੈਂਦਿਆਂ ਖ਼ਰੀਦ 'ਚ ਅੜਿੱਕਾ ਪਾਉਣ ਵਾਲੇ ਆੜ੍ਹਤੀਆਂ ਦੇ ਲਾਇਸੰਸ ਕੈਂਸਲ ਕਰਨ ਤਕ ਦੀ ਚੇਤਾਵਨੀ ਵੀ ਦੇ ਦਿਤੀ ਹੈ।
ਅੱਜ ਪਹਿਲੇ ਦਿਨ ਕਣਕ ਦੀ ਆਮਦ ਬਾਰੇ ਰਾਜ ਭਰ ਦੀਆਂ ਮੰਡੀਆਂ ਤੋਂ ਸ਼ਾਮ ਤਕ ਪ੍ਰਾਪਤ ਮੁਢਲੀ ਰੀਪੋਰਟ ਅਨੁਸਾਰ 50 ਹਜ਼ਾਰ ਟਨ ਕਣਕ ਅੱਜ ਵਿਕਰੀ ਲਈ ਆਈ ਹੈ। ਖੇਤੀ ਵਿਭਾਗ ਤੇ ਮੰਡੀ ਬੋਰਡ ਦੇ ਅਧਿਕਾਰੀ ਖ਼ਰੀਦ ਦੇ ਨਵੇਂ ਸਿਸਟਮ ਨੂੰ 95 ਫ਼ੀ ਸਦੀ ਸਫ਼ਲ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ 2-4 ਦਿਨਾਂ 'ਚ ਸਾਹਮਣੇ ਆ ਰਹੀਆਂ ਖ਼ਾਮੀਆਂ ਦੂਰ ਕਰਨ ਤੋਂ ਬਾਅਦ ਖ਼ਰੀਦ ਦਾ ਕੰਮ ਪੂਰੀ ਤਰ੍ਹਾਂ ਰਫ਼ਤਾਰ ਫੜ ਲਵੇਗਾ।
ਭਾਵੇਂ ਸੈਨੀਟਾਈਜੇਸ਼ਨ ਪੱਖੋਂ ਮੰਡੀਆਂ 'ਚ ਅਪਣੇ ਕਿਸਾਨ ਕੋਰੋਨਾ ਦੇ ਖ਼ਤਰੇ ਪ੍ਰਤੀ ਗੰਭੀਰ ਦਿਸੇ ਤੇ ਉਹ ਮਾਸਕ ਆਦਿ ਪਾਉਣ ਦੇ ਨਿਯਮਾਂ ਦਾ ਪਾਲਣ ਕਰ ਰਹੇ ਸਨ, ਉਥੇ ਅੱਜ ਮੰਡੀਆਂ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਜ਼ਰੂਰ ਸਾਹਮਣੇ ਆਈ ਹੈ। ਪਰ ਪਤਾ ਲਗਾ ਹੈ ਕਿ ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਹੁਣ ਮੰਡੀ ਬੋਰਡ ਵਲੋਂ ਫ਼ਸਲ ਮੰਡੀ 'ਚ ਲੈ ਕੇ ਆਉਣ ਵਾਲੇ ਕਿਸਾਲਾਂ ਨੂੰ ਪਾਣੀ ਵੀ ਆਪੋ-ਅਪਣਾ ਘਰੋਂ ਨਾਲ ਲੈ ਕੇ ਆਉਣ ਲਈ ਕਹਿ ਦਿਤਾ ਗਿਆ ਹੈ। ਇਹ ਵੀ ਪਤਾ ਲਗਾ ਹੈ ਕਿ ਅੱਜ ਪਹਿਲੇ ਦਿਨ ਕਿਸਾਨਾਂ ਨੂੰ ਆਈਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ, ਮੰਡੀ ਬੋਰਡ ਦੇ ਉਪ ਚੇਅਰਮੈਨ ਵਿਜੈ ਕਾਲੜਾ ਤੇ ਹੋਰ ਅਧਿਕਾਰੀਆਂ 'ਚ ਵਿਚਾਰ ਵਟਾਂਦਰਾ ਹੋਇਆ ਹੈ।