ਕੇਂਦਰ ਤੇ ਸੂਬਾ ਸਰਕਾਰ ਕੋਰੋਨਾ ਪ੍ਰਤੀ ਨਹੀਂ ਗੰਭੀਰ :ਪਰਮਿੰਦਰ ਸਿੰਘ ਢੀਂਡਸਾ
ਕੇਂਦਰ ਅਤੇ ਸੂਬਾ ਸਰਕਾਰਾਂ ਸਰਕਾਰੀ ਹਸਪਤਾਲਾਂ ਵਿੱਚ ਪੀੜ੍ਹਤ ਲੋਕਾਂ ਨੂੰ ਲੋੜੀਂਦੀਆਂ ਬਿਹਤਰ ਸੁਵਿਧਾਵਾਂ ਮੁਹੱਈਆਂ ਕਰਵਾਉਣ ਵਿੱਚ ਅਸਫਲ ਰਹੀਆਂ ਹਨ।
ਸੁਨਾਮ ਊਧਮ ਸਿੰਘ ਵਾਲਾ (ਦਰਸ਼ਨ ਸਿੰਘ ਚੌਹਾਨ): ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸਰਪ੍ਰਸਤ ਅਤੇ ਸਾਬਕਾ ਖ਼ਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕੋਰੋਨਾ ਦੇ ਪ੍ਰਤੀ ਰਤਾ ਭਰ ਵੀ ਸੰਜੀਦਾ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕ ਇੱਕ ਸਾਲ ਤੋਂ ਨਾਮੁਰਾਦ ਬਿਮਾਰੀ ਕੋਰੋਨਾ ਨਾਲ ਜੂਝ ਰਹੇ ਹਨ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਸਰਕਾਰੀ ਹਸਪਤਾਲਾਂ ਵਿੱਚ ਪੀੜ੍ਹਤ ਲੋਕਾਂ ਨੂੰ ਲੋੜੀਂਦੀਆਂ ਬਿਹਤਰ ਸੁਵਿਧਾਵਾਂ ਮੁਹੱਈਆਂ ਕਰਵਾਉਣ ਵਿੱਚ ਅਸਫਲ ਰਹੀਆਂ ਹਨ।
ਇੱਥੇ ਪੁਰਾਣੀ ਅਨਾਜ਼ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਖ਼ਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਦੋਵੇਂ ਸਰਕਾਰਾਂ ਦੱਸਣ ਕਿ ਰਿਲੀਫ ਫੰਡ ਵਿੱਚ ਲੋਕਾਂ ਵੱਲੋਂ ਦਾਨ ਦਿੱਤੇ ਪੈਸੇ ਕਿੱਥੇ ਅਤੇ ਕਿਸ ਉੱਤੇ ਖਰਚ ਕੀਤਾ ਗਿਆ ਹੈ ? ਉੱਨ੍ਹਾਂ ਕਿਹਾ ਕਿ ਲੋਕ ਨੁੰਮਾਇੰਦਿਆਂ, ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਮੁਲਾਜਮਾਂ ਨੇ ਕੋਰੋਨਾ ਰਾਹਤ ਫੰਡ ਵਿੱਚ ਕਰੋੜਾਂ ਰੁਪਏ ਜਮਾਂ ਕਰਵਾਏ ਪਰ ਲੋਕਾਂ ਨੂੰ ਰਤੀ ਭਰ ਵੀ ਰਾਹਤ ਨਸੀਬ ਨਹੀਂ ਹੋਈ ਹੈ।
ਕੋਰੋਨਾ ਦਾ ਕਹਿਰ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਜਦਕਿ ਬੈਡ , ਆਕਸੀਜਨ ਅਤੇ ਵੈਂਟੀਲੇਟਰਾ ਦੀ ਕਮੀ ਹੋ ਰਹੀ ਹੈ ਅਜਿਹੇ ਹਾਲਾਤਾਂ ਵਿੱਚ ਮਰੀਜ਼ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਉੱਥੇ ਦੀ ਬਿਹਤਰ ਸੁਵਿਧਾਵਾਂ ਨਹੀਂ ਹਨ । ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਵੱਲੋਂ ਦਲਿਤ ਚਿਹਰੇ ਨੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਬਣਾਉਣ ਦੇ ਐਲਾਨ ਉੱਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਦਲਿਤ ਸਮਾਜ ਦੇ ਨਾਂਅ ਉੱਤੇ ਸਿਆਸਤ ਕਰਨ ਦੀ ਬਜਾਏ ਉਨ੍ਹਾਂ ਨੂੰ ਬਣਦਾ ਮਾਣ ਸਤਕਾਰ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜੇਕਰ ਸਚਮੁੱਚ ਦਲਿਤਾਂ ਦੇ ਹਮਦਰਦ ਹਨ ਤਾਂ ਡਿਪਟੀ ਮੁੱਖ ਮੰਤਰੀ ਨਹੀਂ ਸਗੋਂ ਮੁੱਖ ਮੰਤਰੀ ਬਣਾਇਆ ਜਾਵੇ । ਉੱਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਦਲਿਤਾਂ ਦੇ ਨਾਂਅ ਤੇ ਰਾਜਨੀਤੀ ਕਰ ਰਹੀ ਹੈ , ਵੋਟ ਵਟੋਰੂ ਖੇਤ ਨਾਲ ਦਲਿਤਾਂ ਦਾ ਭਲਾ ਨਹੀਂ ਹੋਣ ਵਾਲਾ ਹੈ। ਆਮ ਆਦਮੀ ਪਾਰਟੀ ਨਾਲ ਹੱਥ ਮਿਲਾਉਣ ਦੀਆਂ ਚੱਲ ਰਹੀਆਂ ਅਟਕਲਾਂ ਤੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਇੱਕ ਅਣਅਧਿਕਾਰਤ ਬੈਠਕ ਹੋਈ ਸੀ ਜਿਸ ਵਿੱਚ ਸਿਰਫ ਪੰਜਾਬ ਦੇ ਮਸਲਿਆਂ ਉੱਤੇ ਚਰਚਾ ਹੋਈ ਸੀ। ਇਸ ਮੌਕੇ ਮਨਿੰਦਰ ਸਿੰਘ ਲਖਮੀਰਵਾਲ, ਗੁਰਚਰਨ ਸਿੰਘ ਧਾਲੀਵਾਲ, ਬਘੀਰਥ ਰਾਏ ਗੀਰਾ, ਲਾਜਪਤ ਗਰਗ, ਰਵਿੰਦਰ ਗੋਰਖਾ, ਹਰਜੋਤ ਸਿੰਘ, ਮਾਸਟਰ ਦਲਜੀਤ ਸਿੰਘ ਆਦਿ ਹਾਜਰ ਸਨ।