ਜਾਂਚ ਪੂਰੀ ਹੋਣ ਤੇ ਚਲਾਨ ਪੇਸ਼ ਹੋਣ ਬਾਅਦ ਹਾਈ ਕੋਰਟ ਦਾ ਫ਼ੈਸਲਾ ਗ਼ੈਰ ਵਾਜਬ : ਜਸਟਿਸ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਇਸ ਤਰ੍ਹਾਂ ਤਾਂ ਪੀੜਤਾਂ ਨੂੰ ਕਦੇ ਵੀ ਨਿਆਂ ਨਹੀਂ ਮਿਲਣਾ

Justice Ranjit Singh

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ਕੁੰਵਰ ਵਿਜੈ ਪ੍ਰਤਾਪ ਸਿੰਘ ਜਾਂਚ ਰੀਪੋਰਟ ਰੱਦ ਕਰਨ ਤੇ ਦੁਬਾਰਾ ਜਾਂਚ ਕਰਵਾਉਣ ਦੇ ਫ਼ੈਸਲੇ ’ਤੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਨੇ ਵੀ ਅਪਣਾ ਪ੍ਰਤੀਕਰਮ ਦਿਤਾ ਹੈ। 

ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬਣੇ ਕਮਿਸ਼ਨ ਨੇ ਪਹਿਲਾਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕੀਤੀ ਸੀ ਅਤੇ ਉਸ ਦੇ ਆਧਾਰ ’ਤੇ ਅੱਗੇ ਸਿੱਟ ਵਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਗੋਲੀ ਕਾਂਡ ਦੀ ਜਾਂਚ ਕਰ ਕੇ 9 ਚਲਾਨ ਕੋਰਟ ਵਿਚ ਫ਼ਾਈਲ ਕੀਤੇ ਸਨ ਤੇ ਇਕ ਚਲਾਨ ਬਾਕੀ ਸੀ।

ਜਸਟਿਸ ਰਣਜੀਤ ਸਿੰਘ ਨੇ ਹਾਈ ਕੋਰਟ ਦੇ ਫ਼ੈਸਲੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਲਿਖਤੀ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਹ ਇਸ ਤਰ੍ਹਾਂ ਦਾ ਇਕ ਵਿਲੱਖਣ ਹੀ ਮਾਮਲਾ ਹੈ ਜਿਸ ਵਿਚ ਹਾਈ ਕੋਰਟ ਨੇ ਜਾਂਚ ਪੂਰੀ ਹੋ ਜਾਣ ’ਤੇ ਚਲਾਨ ਪੇਸ਼ ਹੋਣ ਬਾਅਦ ਦਖ਼ਲ ਦਿਤਾ ਹੈ ਜੋ ਇਕ ਗ਼ੈਰ ਵਾਜਬ ਜਿਹਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਵੀ ਨਿਰਦੇਸ਼ ਹੈ ਕਿ ਇਸ ਤਰ੍ਹਾਂ ਜਾਂਚ ਵਿਚ ਕੋਰਟ ਦਖ਼ਲ ਨਹੀਂ ਦੇ ਸਕਦੀ ਅਤੇ ਚਲਾਨ ਪੇਸ਼ ਹੋਣ ਬਾਅਦ ਤਾਂ ਮਾਮਲਾ ਟਰਾਇਲ ਕੋਰਟ ਵਿਚ ਹੀ ਜਾ ਸਕਦਾ ਹੈ।

ਪਹਿਲਾਂ ਇਸ ਗੋਲੀ ਕਾਂਡ ਵਿਚ ਪਿਛਲੀ ਸਰਕਾਰ ਦੋਸ਼ੀਆਂ ਨੂੰ ਬਚਾਉਂਦੀ ਰਹੀ ਅਤੇ ਬਾਅਦ ਵਿਚ ਜਨਤਕ ਦਬਾਅ ਕਾਰਨ ਹੀ ਜਾਂਚ ਪੜਤਾਲ ਦਾ ਕੰਮ ਅੱਗੇ ਵਧਿਆ ਤੇ ਹੁਣ ਜਾਂਚ ਪੂਰੀ ਹੋਣ ਤੇ ਚਲਾਨ ਪੇਸ਼ ਹੋਣ ਬਾਅਦ ਇਕਦਮ ਸਾਰੀ ਜਾਂਚ ਰੱਦ ਕਰ ਦੇਣ ਨਾਲ ਠੀਕ ਨਹੀਂ ਹੋਇਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਲਾਹ ਦਿਤੀ ਕਿ ਉਹ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਜਾਣ ਨਹੀਂ ਤਾਂ ਪੀੜਤਾਂ ਨੂੰ ਕਦੇ ਵੀ ਇਨਸਾਫ਼ ਨਹੀਂ ਮਿਲਣਾ।