ਇਨਸਾਨੀਅਤ ਸ਼ਰਮਸਾਰ: ਚਾਚੀ ਨੇ ਤਿੰਨ ਮਹੀਨਿਆਂ ਦੀ ਭਤੀਜੀ ਨੂੰ ਜਿਊਂਦੇ ਮਿੱਟੀ 'ਚ ਦੱਬ ਕੇ ਮਾਰਿਆ
ਗੁਨਾਹ ਕਬੂਲ ਕਰਦੇ ਹੋਏ ਲੜਕੀ ਦੀ ਚਾਚੀ ਨੇ ਕੀਤੇ ਹੈਰਾਨੀਜਨਕ ਖੁਲਾਸੇ
ਜਲਾਲਾਬਾਦ (ਅਰਵਿੰਦਰ ਤਨੇਜਾ) ਜਲਾਲਾਬਾਦ ਸਬ ਡਿਵੀਜ਼ਨ ਵਿੱਚ ਪੈਂਦੇ ਥਾਣਾ ਅਮੀਰ ਖਾਸ ਦੇ ਪਿੰਡ ਸੈਦੋਕਾ ਵਿੱਚੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸੈਦੋਕੇ ਵਿਚ ਰਹਿਣ ਵਾਲੀ ਸੁਖਪ੍ਰੀਤ ਨਾਮ ਦੀ ਔਰਤ ਨੇ ਆਪਣੀ 3 ਮਹੀਨਿਆਂ ਦੀ ਭਤੀਜੀ ਮਹਿਕਦੀਪ ਨੂੰ ਜਿਊਂਦੇ ਮਿੱਟੀ ਵਿਚ ਦੱਬ ਕੇ ਮਾਰ ਦਿੱਤਾ।
ਮ੍ਰਿਤਕ ਮਹਿਕਦੀਪ ਦੀ ਮਾਂ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਦੇ ਸਮੇਂ ਉਹ ਆਪਣੇ ਗੁਆਂਢੀਆਂ ਦੇ ਘਰ ਆਪਣੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਛੱਡ ਬੈਂਕ ਕਿਸੇ ਕੰਮਕਾਰ ਲਈ ਗਈ ਸੀ ਅਤੇ ਜਦੋਂ ਵਾਪਸ ਆਈ ਤਾਂ ਗੁਆਂਢੀਆਂ ਨੇ ਦੱਸਿਆ ਕਿ ਉਸ ਦੀ ਬੱਚੀ ਨੂੰ ਉਸ ਦੀ ਜਠਾਣੀ ਯਾਨੀ ਬੱਚੀ ਦੀ ਚਾਚੀ ਲੈ ਗਈ ਹੈ ਅਤੇ ਜਦ ਬੱਚੀ ਦੀ ਚਾਚੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਬੱਚੀ ਦਾ ਪੰਜ ਸਾਲ ਦਾ ਭਰਾ ਉਸ ਦੇ ਕੋਲੋਂ ਬੱਚੀ ਨੂੰ ਲੈ ਗਿਆ ਹੈ ਜਿਸ ਤੋਂ ਬਾਅਦ ਬੱਚੀ ਦੀ ਭਾਲ ਸ਼ੁਰੂ ਹੋ ਗਈ।
ਪਿੰਡ ਵਾਸੀਆਂ ਨੇ ਪੂਰਾ ਪਿੰਡ ਛਾਣ ਮਾਰਿਆ ਪਰ ਬੱਚੀ ਨਾ ਮਿਲੀ। ਜਿਸ ਤੋਂ ਬਾਅਦ ਬੱਚੀ ਦੀ ਚਾਚੀ ਨੇ ਰੌਲਾ ਪਾ ਕੇ ਦੱਸਿਆ ਕਿ ਬੱਚੀ ਘਰ ਦੇ ਵਿੱਚ ਪੁੱਟੇ ਟੋਏ ਵਿੱਚ ਦੱਬੀ ਹੋਈ ਹੈ ਜਿਸ ਦੇ ਘਰਵਾਲਿਆਂ ਨੇ ਬੱਚੀ ਦੀ ਲਾਸ਼ ਨੂੰ ਕੱਢਿਆ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਬੱਚੀ ਦੀ ਚਾਚੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਹੈਰਾਨੀਜਨਕ ਖੁਲਾਸੇ ਕੀਤੇ। ਬੱਚੀ ਦੀ ਚਾਚੀ ਨੇ ਦੱਸਿਆ ਕਿ ਉਸ ਨੇ ਬੱਚੀ ਨੂੰ ਪਹਿਲਾਂ ਜਿਊਂਦੇ ਹੀ ਆਪਣੇ ਘਰ ਦੇ ਵਿਹੜੇ ਵਿਚ ਟੋਆ ਪੁੱਟ ਕੇ ਦੱਬ ਦਿੱਤਾ
ਅਤੇ ਅੱਜ ਤੜਕਸਾਰ ਚਾਰ ਵਜੇ ਬੱਚੀ ਨੂੰ ਉਥੋਂ ਕੱਢ ਕੇ ਘਰ ਦੇ ਵਿਚ ਬਣੇ ਸੀਵਰੇਜ ਟੈਂਕ ਵਿੱਚ ਸੁੱਟ ਦਿੱਤਾ ਅਤੇ ਜਦ ਉਸ ਨੂੰ ਲੱਗਾ ਕਿ ਕਿਸੇ ਨੂੰ ਪਤਾ ਨਾ ਲੱਗੇ ਤਾਂ ਉਸ ਨੇ ਦੁਬਾਰਾ ਟੈਂਕ ਵਿੱਚੋਂ ਕੱਢ ਕੇ ਬੱਚੀ ਨੂੰ ਮਿੱਟੀ ਦੇ ਟੋਏ ਵਿੱਚ ਦੱਬ ਦਿੱਤਾ। ਫਿਲਹਾਲ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਆਰੋਪੀ ਔਰਤ ਨੂੰ ਹਿਰਾਸਤ ਵਿੱਚ ਲੈ ਉਸ ਦੇ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ ਹੈ।