ਸੌਦਾ ਸਾਧ ਤੋਂ ਪੁਛਗਿਛ ਸਬੰਧੀ ਅਦਾਲਤ ਦੇ ਲਿਖਤੀ ਹੁਕਮ ਮੰਨਣ ਤੋਂ ਜੇਲ ਸੁਪਰਡੈਂਟ ਹੋਇਆ ਇਨਕਾਰੀ

ਏਜੰਸੀ

ਖ਼ਬਰਾਂ, ਪੰਜਾਬ

ਸੌਦਾ ਸਾਧ ਤੋਂ ਪੁਛਗਿਛ ਸਬੰਧੀ ਅਦਾਲਤ ਦੇ ਲਿਖਤੀ ਹੁਕਮ ਮੰਨਣ ਤੋਂ ਜੇਲ ਸੁਪਰਡੈਂਟ ਹੋਇਆ ਇਨਕਾਰੀ

image

ਕੋਟਕਪੂਰਾ, 15 ਅਪ੍ਰੈਲ (ਗੁਰਿੰਦਰ ਸਿੰਘ): ਐਸਆਈਟੀ ਵਲੋਂ ਅਦਾਲਤ ਵਿਚ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਸਬੰਧੀ ਪੇਸ਼ ਕੀਤੇ ਚਲਾਨ ਰੀਪੋਰਟਾਂ ਮੁਤਾਬਕ ਜਾਂਚ-ਪੜਤਾਲ ਦੌਰਾਨ ਐਸਆਈਟੀ ਨੇ ਫ਼ਰੀਦਕੋਟ ਅਦਾਲਤ ਤੋਂ ਰੋਹਤਕ ਜੇਲ ਵਿਚ ਬੰਦ ਸੌਦਾ ਸਾਧ ਤੋਂ ਪੁੱਛ-ਪੜਤਾਲ ਕਰਨ ਲਈ ਲਿਖਤੀ ਹੁਕਮ ਪ੍ਰਾਪਤ ਕਰ ਲਏ ਪਰ ਅਦਾਲਤੀ ਹੁਕਮਾਂ ਦੀ ਕਾਪੀ ਡੀ.ਸੀ. ਰੋਹਤਕ, ਜੇਲ ਸੁਪਰਡੈਂਟ ਰੋਹਤਕ, ਡੀਜੀਪੀ ਜੇਲਾਂ ਹਰਿਆਣਾ, ਆਈ.ਜੀ.ਪੀ. ਰੋਹਤਕ ਅਤੇ ਐਸ.ਪੀ. ਰੋਹਤਕ ਨੂੰ ਭੇਜੀ ਗਈ। ਮਿਤੀ 2 ਅਪੈ੍ਰਲ 2019 ਨੂੰ ਹੋਣ ਵਾਲੀ ਪ੍ਰਸਤਾਵਿਤ ਪੁੱਛ-ਪੜਤਾਲ ਨੂੰ ਜੇਲ ਸੁਪਰਡੈਂਟ ਨੇ ਰੱਦ ਕਰਦਿਆਂ ਆਖਿਆ ਕਿ ਇਸ ਸਬੰਧੀ ਰੋਹਤਕ ਦੇ ਡੀ.ਸੀ. ਦੀ ਮਨਜ਼ੂਰੀ ਚਾਹੀਦੀ ਹੈ। ਜਦਕਿ ਇਲਾਕਾ ਮੈਜਿਸਟ੍ਰੇਟ ਦੇ ਅਦਾਲਤੀ ਹੁਕਮਾਂ ਸਬੰਧੀ ਜ਼ਰੂਰੀ ਨਹੀਂ ਸੀ। 
ਚਲਾਨ ਰੀਪੋਰਟ ਵਿਚ 01/04/2019 ਨੂੰ ਸੁਪਰਡੈਂਟ ਜ਼ਿਲ੍ਹਾ ਜੇਲ ਰੋਹਤਕ ਵਲੋਂ ਈਮੇਲ ਕੀਤੀ ਚਿੱਠੀ ਦੀ ਰਿਪੋਰਟ ਵੀ ਨਾਲ ਨੱਥੀ ਕੀਤੀ ਗਈ ਹੈ। 
ਐਸਆਈਟੀ ਨੇ ਇਸ ਨੂੰ ਡੀ.ਸੀ. ਰੋਹਤਕ, ਜੇਲ ਸੁਪਰਡੈਂਟ ਅਤੇ ਹਰਿਆਣਾ ਦੇ ਉੱਚ ਜੇਲ ਅਧਿਕਾਰੀਆਂ ਵਲੋਂ ਜਾਣ-ਬੁੱਝ ਕੇ ਸੌਦਾ ਸਾਧ ਨੂੰ ਜਾਂਚ ਤੋਂ ਬਚਾਉਣ ਦੀ ਕਾਰਵਾਈ ਮੰਨਦਿਆਂ ਇਸ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਸਿਆ ਹੈ। ਚਲਾਨ ਰੀਪੋਰਟ ਮੁਤਾਬਕ 18/02/2019 ਨੂੰ ਪਰਮਰਾਜ ਸਿੰਘ ਉਮਰਾਨੰਗਲ ਅਤੇ 25/03/2019 ਨੂੰ ਚਰਨਜੀਤ ਸ਼ਰਮਾ ਨੂੰ ਗਿ੍ਰਫ਼ਤਾਰ ਕੀਤਾ ਗਿਆ, ਜਦਕਿ ਮਨਤਾਰ ਸਿੰਘ ਬਰਾੜ ਸਾਬਕਾ ਅਕਾਲੀ ਵਿਧਾਇਕ ਨੂੰ 09/11/2018 ਅਤੇ 27/02/2019 ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ। 
ਪੰਨਾ ਨੰਬਰ 50 ਮੁਤਾਬਕ ਐਸ.ਆਈ.ਟੀ ਨੇ ਥਾਣਾ ਸਿਟੀ ਕੋਟਕਪੂਰਾ ਦੇ ਤਤਕਾਲੀਨ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਨੂੰ 13/12/2018 ਨੂੰ ਜਾਂਚ ਵਿਚ ਸ਼ਾਮਲ ਕੀਤਾ ਅਤੇ 18/04/2019 ਨੂੰ ਦੁਬਾਰਾ ਜਾਂਚ ਵਿਚ ਸ਼ਾਮਲ ਕਰਨ ਲਈ ਬੁਲਾਇਆ ਪਰ ਉਹ ਨਾ ਆਇਆ। ਚਲਾਨ ਰੀਪੋਰਟ ਮੁਤਾਬਕ ਉਕਤ ਕੇਸ ਸਬੰਧੀ ਸੁਖਬੀਰ ਸਿੰਘ ਬਾਦਲ ਦੀ 19/11/2018 ਨੂੰ ਐਸਆਈਟੀ ਵਲੋਂ ਪੁਛਗਿਛ ਕੀਤੀ ਗਈ, ਪ੍ਰਕਾਸ਼ ਸਿੰਘ ਬਾਦਲ ਤੋਂ 16/11/2018 ਅਤੇ ਸੁਮੇਧ ਸਿੰਘ ਸੈਣੀ ਤੋਂ 25/02/2019 ਵਿਚ ਪੁੱਛ-ਪੜਤਾਲ ਹੋਈ। (ਸਮਾਪਤ)