ਭਾਜਪਾ ਦਾ ਸੰਵਿਧਾਨ 'ਤੇ ਚਲਿਆ ਬੁਲਡੋਜ਼ਰ ਹੁਣ ਘੱਟ ਗਿਣਤੀਆਂ ਦੇ ਘਰਾਂ ਤਕ ਪਹੁੰਚ ਗਿਆ ਹੈ : ਮੁਫ਼ਤੀ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਦਾ ਸੰਵਿਧਾਨ 'ਤੇ ਚਲਿਆ ਬੁਲਡੋਜ਼ਰ ਹੁਣ ਘੱਟ ਗਿਣਤੀਆਂ ਦੇ ਘਰਾਂ ਤਕ ਪਹੁੰਚ ਗਿਆ ਹੈ : ਮੁਫ਼ਤੀ

image

ਸ਼੍ਰੀਨਗਰ, 15 ਅਪ੍ਰੈਲ : ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਸ਼ੁਕਰਵਾਰ ਨੂੰ  ਭਾਜਪਾ 'ਤੇ ਸੰਵਿਧਾਨ 'ਤੇ ਬੁਲਡੋਜ਼ਰ ਚਲਾਉਣ ਦਾ ਦੋਸ਼ ਲਾਇਆ | ਨਾਲ ਹੀ ਉਨ੍ਹਾਂ ਕਿਹਾ ਕਿ ਭਗਵਾ ਪਾਰਟੀ ਦੇ ਨੇਤਾਵਾਂ ਵਿਚ ''ਮੁਸਲਮਾਨਾਂ ਦੇ ਘਰ ਅਤੇ ਰੋਜ਼ੀ ਰੋਟੀ ਖੋਹਣ' ਦੀ ਹੋੜ ਲੱਗੀ ਹੈ | ਉਨ੍ਹਾਂ ਇਹ ਟਿੱਪਣੀ ਮੱਧ ਪ੍ਰਦੇਸ਼ 'ਚ ਰਾਮ ਨੌਮੀ ਦੇ ਜਲੂਸ 'ਤੇ ਪੱਥਰਬਾਜ਼ੀ ਕਰਨ ਦੇ ਦੋਸ਼ੀਆਂ ਦੇ ਘੱਟੋ ਘੱਟ 50 ਗ਼ੈਰ ਕਾਨੂੰਨੀ ਢਾਂਚਿਆਂ ਨੂੰ  ਢਾਹੇ ਜਾਣ ਦੀਆਂ ਖ਼ਬਰਾਂ ਦਾ ਵਿਰੋਧ ਕਰਦੇ ਹੋਏ ਕੀਤੀ |
ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ 'ਚ ਰਾਮ ਨੌਮੀ ਦੇ ਜਲੂਸ ਦੌਰਾਨ ਮਸਜਿਦ ਕੋਲ ਕਥਿਤ ਤੌਰ 'ਤੇ ਤੇਜ਼ ਗਾਣੇ ਵਜਾਏ ਜਾ ਰਹੇ ਸਨ ਅਤੇ ਇਸੇ ਦੌਰਾਨ ਜਲੂਸ 'ਤੇ ਇਕ ਪੱਥਰ ਸੁਟਿਆ ਗਿਆ, ਜਿਸ ਨਾਲ ਐਤਵਾਰ ਨੂੰ  ਉਥੇ ਅਗਜਨੀ ਅਤੇ ਫਿਰਕੂ ਤਣਾਅ ਪੈਦਾ ਹੋ ਗਿਆ ਸੀ | ਜਿਸ ਦੇ ਬਾਅਦ ਸ਼ਹਿਰ ਵਿਚ ਕਰਫ਼ਿਊ ਲਗਾ ਦਿਤਾ ਗਿਆ | ਮੱਧ ਪ੍ਰਦੇਸ਼ 'ਚ ਸੱਤਾਧਿਰ ਭਾਜਪਾ ਸਰਕਾਰ ਨੇ ਕਿਹਾ ਹੈ ਕਿ ਹਿੰਸਾ ਦੌਰਾਨ ਸਰਕਾਰੀ ਅਤੇ ਨਿਜੀ ਜਾਇਦਾਦ ਹੋਏ ਨੁਕਸਾਨ ਦੀ ਭਰਪਾਈ ਦੰਗਾਈਆਂ ਤੋਂ ਕੀਤੀ ਜਾਵੇਗੀ |
ਮੁਫ਼ਤੀ ਨੇ ਲੜੀਵਾਰ ਟਵੀਟ ਵਿਚ ਕਿਹਾ, ''ਭਾਜਪਾ ਜਿਸ ਬਦਲੇ ਨਾਲ ਭਾਰਤ ਦੇ ਸੰਵਿਧਾਨ 'ਤੇ ਬੁਲਡੋਜ਼ਰ ਚਲਾ ਰਹੀ ਹੈ, ਉਹ ਹੁਣ ਘੱਟ ਗਿਣਤੀਆਂ ਦੇ ਘਰਾਂ ਤਕ ਪਹੁੰਚ ਗਿਆ ਹੈ | ਭਾਜਪਾ ਨੇਤਾ ਮੁਸਲਮਾਨਾਂ ਤੋਂ ਸੱਭ ਕੁੱਝ ਖੋਹਣ ਦੇ ਮਾਮਲੇ 'ਚ ਇਕ ਦੂਜੇ ਨੂੰ  ਪਿੱਛੇ ਛੱਡ ਰਹੇ ਹਨ, ਭਾਵੇਂ ਉਹ ਉਨ੍ਹਾਂ ਦਾ ਘਰ ਹੋਵੇ, ਰੋਜ਼ੀ ਰੋਟੀ ਹੋਵੇ ਜਾਂ ਸਾਮਾਨ |'' ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਹੁਗਿਣਤੀ ਭਾਈਚਾਰੇ ਦੀ ''ਚੁੱਪੀ'' ਬੇਹਦ ਚਿੰਤਾਜਨਕ ਹੈ |
ਉਨ੍ਹਾਂ ਕਿਹਾ, ''ਕਸ਼ਮੀਰੀ ਮੁਸਲਮਾਨ ਹੋਣ ਦੇ ਨਾਤੇ ਸਾਡੇ ਉਤੇ ਕਈ ਵਾਰ ਦੋਸ਼ ਲਾਇਆ ਜਾਂਦਾ ਹੈ ਕਿ ਅਸੀਂ ਉਦੋਂ ਕਿਉਂ ਚੁੱਪ ਰਹੇ, ਜਦੋਂ ਕਸ਼ਮੀਰੀ ਪੰਡਤਾਂ ਨੂੰ  ਭੱਜਣ ਲਈ ਮਜਬੂਰ ਕੀਤਾ ਜਾ ਰਿਹਾ ਸੀ |'' ਮੁਫ਼ਤੀ ਨੇ ਕਿਹਾ, ''ਪਰ ਅੱਜ ਦੇ ਭਾਰਤ ਵਿਚ ਬਹੁਗਿਣਤੀ ਭਾਈਚਾਰੇ ਦੀ ਅਪਰਾਧਿਕ ਚੁੱਪੀ ਅਤੇ ਭਾਜਪਾ ਦਾ ਭਾਰਤ ਦੇ ਮੂਲ ਵਿਚਾਰ ਨੂੰ  ਖ਼ਤਮ ਕਰਨਾ ਬੇਹੱਦ ਚਿੰਤਾਜਨਕ ਅਤੇ ਪ੍ਰੇਸ਼ਾਨ ਕਰਨ ਵਾਲਾ ਹੈ |'' (ਏਜੰਸੀ)