ਅਲ ਅਕਸਾ ਮਸਜਿਦ ਦੇ ਬਾਹਰ ਇਜ਼ਰਾਈਲੀ ਪੁਲਿਸ ਤੇ ਫ਼ਲਸਤੀਨੀਆਂ ਦੀ ਝੜਪ, 152 ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਅਲ ਅਕਸਾ ਮਸਜਿਦ ਦੇ ਬਾਹਰ ਇਜ਼ਰਾਈਲੀ ਪੁਲਿਸ ਤੇ ਫ਼ਲਸਤੀਨੀਆਂ ਦੀ ਝੜਪ, 152 ਜ਼ਖ਼ਮੀ

image

ਯੇਰੂਸ਼ਲਮ, 15 ਅਪ੍ਰੈਲ : ਯੇਰੂਸ਼ਲਮ ਦੀ ਮਸ਼ਹੂਰ ਅਲ-ਅਕਸਾ ਮਸਜਿਦ 'ਚ ਰਮਜ਼ਾਨ ਦੇ ਮਹੀਨੇ 'ਚ ਸ਼ੁਕਰਵਾਰ ਦੀ ਨਮਾਜ਼ ਦੌਰਾਨ ਮੌਜੂਦ ਹਜ਼ਾਰਾਂ ਫ਼ਲਸਤੀਨੀਆਂ ਦੀ ਇਜ਼ਰਾਇਲੀ ਪੁਲਿਸ ਨਾਲ ਹਿੰਸਕ ਝੜਪ ਹੋ ਗਈ | ਡਾਕਟਰਾਂ ਮੁਤਾਬਕ 152 ਤੋਂ ਵੱਧ ਫ਼ਲਸਤੀਨੀ ਗੰਭੀਰ ਜ਼ਖਮੀ ਹੋਏ ਹਨ | ਯਹੂਦੀਆਂ ਅਤੇ ਮੁਸਲਮਾਨਾਂ ਦੋਵਾਂ ਲਈ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ, ਇਹ ਸਥਾਨ ਇਕ ਸਾਲ ਬਾਅਦ ਦੁਬਾਰਾ ਖ਼ੂਨ-ਖ਼ਰਾਬੇ ਦੇ ਅਧੀਨ ਹੋ ਗਿਆ ਹੈ |
ਫ਼ਲਸਤੀਨ ਰੈੱਡ ਕ੍ਰੀਸੈਂਟ ਐਮਰਜੈਂਸੀ ਸੇਵਾ ਨੇ ਕਿਹਾ ਕਿ ਉਸ ਨੇ 20 ਜ਼ਖ਼ਮੀਆਂ ਨੂੰ  ਹਸਪਤਾਲ ਪਹੁੰਚਾਇਆ ਹੈ | ਫ਼ਲਸਤੀਨੀ ਅਥਾਰਟੀ ਨੇ ਕਿਹਾ ਕਿ ਸਾਈਟ 'ਤੇ ਮੌਜੂਦ ਇਕ ਸੁਰੱਖਿਆ ਗਾਰਡ ਦੀ ਅੱਖ ਵਿਚ ਰਬੜ ਦੀ ਗੋਲੀ ਲੱਗੀ ਸੀ | ਮੱਕਾ ਅਤੇ ਮਦੀਨਾ ਤੋਂ ਬਾਅਦ ਅਲ ਅਕਸਾ ਮਸਜਿਦ ਇਸਲਾਮ ਵਿਚ ਤੀਜਾ ਸੱਭ ਤੋਂ ਪਵਿੱਤਰ ਸਥਾਨ ਹੈ | ਪਹਾੜੀ 'ਤੇ ਬਣੀ ਇਹ ਮਸਜਿਦ ਯਹੂਦੀਆਂ ਲਈ ਸੱਭ ਤੋਂ ਪਵਿੱਤਰ ਸਥਾਨ ਹੈ, ਜਿਸ ਨੂੰ  ਉਹ 'ਟੈਂਪਲ ਮਾਊਾਟ' ਕਹਿੰਦੇ ਹਨ | ਇਜ਼ਰਾਈਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਨਮਾਜ਼ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਮੁਸਲਿਮ ਨੇਤਾਵਾਂ ਨਾਲ ਪਹਿਲਾਂ ਹੀ ਗੱਲਬਾਤ ਕਰ ਚੁਕੇ ਹਨ | ਪਰ ਸ਼ੁਕਰਵਾਰ ਸਵੇਰੇ ਜਿਵੇਂ ਹੀ ਫ਼ਲਸਤੀਨੀ ਨੌਜਵਾਨ ਉਥੇ ਇਕੱਠੇ ਹੋਏ ਤਾਂ ਉਨ੍ਹਾਂ ਨੇ ਮੁਗਰਬੀ ਗੇਟ 'ਤੇ ਪਥਰਾਅ ਸ਼ੁਰੂ ਕਰ ਦਿਤਾ | ਇਹ ਦਰਵਾਜ਼ਾ ਪੱਛਮੀ ਕੰਧ, ਇਜ਼ਰਾਈਲ ਦੇ ਪਵਿੱਤਰ ਸਥਾਨ ਵਲ ਜਾਂਦਾ ਹੈ | ਇਸ ਘਟਨਾ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਹਿੰਸਾ ਭੜਕ ਗਈ |
ਇਕ ਫ਼ਲਸਤੀਨੀ ਪ੍ਰਤੱਖਦਰਸ਼ੀ ਨੇ ਦਸਿਆ ਕਿ ਫ਼ਲਸਤੀਨੀਆਂ ਦੇ ਇਕ ਛੋਟੇ ਸਮੂਹ ਨੇ ਇਜ਼ਰਾਈਲੀ ਪੁਲਿਸ 'ਤੇ ਪਥਰਾਅ ਕੀਤਾ ਸੀ | ਇਸ ਤੋਂ ਬਾਅਦ ਹੀ ਪੁਲਿਸ ਮਸਜਿਦ ਦੇ ਅੰਦਰ ਦਾਖ਼ਲ ਹੋ ਗਈ ਅਤੇ ਸੰਘਰਸ਼ ਸ਼ੁਰੂ ਹੋ ਗਿਆ | ਸੰਘਰਸ਼ ਸ਼ੁਰੂ ਹੋਣ ਤੋਂ ਕੁਝ ਘੰਟਿਆਂ ਬਾਅਦ, ਇਜ਼ਰਾਈਲੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਹਿੰਸਾ ਨੂੰ  ਰੋਕ ਦਿਤਾ ਹੈ ਅਤੇ ਸੈਂਕੜੇ ਸ਼ੱਕੀਆਂ ਨੂੰ  ਹਿਰਾਸਤ ਵਿੱਚ ਲਿਆ ਹੈ | ਅਲ-ਅਕਸਾ ਮਸਜਿਦ ਨੂੰ  ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ਅਤੇ ਸੈਂਕੜੇ ਲੋਕ ਦੁਪਹਿਰ ਦੀ ਨਮਾਜ਼ ਵਿਚ ਸ਼ਾਮਲ ਹੋਏ | ਇਜ਼ਰਾਇਲੀ ਪੁਲਸ ਅਤੇ ਫਲਸਤੀਨੀਆਂ ਵਿਚਾਲੇ ਝੜਪ ਅਜਿਹੇ ਸੰਵੇਦਨਸ਼ੀਲ ਸਮੇਂ 'ਚ ਹੋਈ ਹੈ ਜਦੋਂ ਯਰੂਸ਼ਲਮ 'ਚ ਤਿੰਨ ਯਹੂਦੀ ਧਰਮਾਂ ਦਾ ਇਕ ਹਫਤੇ ਦਾ ਪ੍ਰਮੁੱਖ ਤਿਉਹਾਰ 'ਪਾਸਓਵਰ' ਸ਼ੁਰੂ ਹੋ ਗਿਆ ਹੈ | ਇਸ ਦੇ ਨਾਲ ਹੀ ਮੁਸਲਮਾਨਾਂ ਲਈ ਰਮਜ਼ਾਨ ਦਾ ਮਹੀਨਾ ਚਲ ਰਿਹਾ ਹੈ ਅਤੇ ਇਸਾਈਆਂ ਲਈ ਵੀ ਇਸ ਐਤਵਾਰ ਨੂੰ  ਈਸਟਰ ਇਕ ਵੱਡਾ ਤਿਉਹਾਰ ਹੈ | ਇਨ੍ਹਾਂ ਪ੍ਰਮੁੱਖ ਤਿਉਹਾਰਾਂ 'ਤੇ ਛੁੱਟੀਆਂ ਹੋਣ ਕਾਰਨ ਤਿੰਨਾਂ ਧਰਮਾਂ ਦੇ ਹਜ਼ਾਰਾਂ ਸ਼ਰਧਾਲੂ ਪੁਰਾਣੇ ਯੇਰੂਸ਼ਲਮ ਆਉਂਦੇ ਹਨ | ਅਜਿਹੇ 'ਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ |
ਜ਼ਿਕਰਯੋਗ ਹੈ ਕਿ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਸੰਘਰਸ਼ ਦਾ ਮੁੱਖ ਕਾਰਨ ਰਹੀ ਹੈ | ਪਿਛਲੇ ਸਾਲ ਇਸੇ ਮਸਜਿਦ 'ਤੇ ਹੋਈ ਹਿੰਸਾ ਤੋਂ ਬਾਅਦ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ 11 ਦਿਨਾਂ ਤੱਕ ਭਿਆਨਕ ਯੁੱਧ ਹੋਇਆ ਸੀ | ਹਮਾਸ ਦੇ ਅੱਤਵਾਦੀਆਂ ਦੀ ਇਜ਼ਰਾਈਲੀ ਫ਼ੌਜ ਨੇ ਗਾਜ਼ਾ ਪੱਟੀ 'ਤੇ ਭਿਆਨਕ ਘੇਰਾਬੰਦੀ ਕੀਤੀ |
ਫਲਸਤੀਨੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ  ਕਿਹਾ ਕਿ ਇਜ਼ਰਾਈਲੀ ਸੈਨਿਕਾਂ ਨੇ ਵੈਸਟ ਬੈਂਕ ਵਿੱਚ ਦੋ ਫ਼ਲਸਤੀਨੀ ਨਾਗਰਿਕਾਂ ਨੂੰ  ਗੋਲੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ | ਇਸ ਤੋਂ ਇਕ ਦਿਨ ਪਹਿਲਾਂ ਇਜ਼ਰਾਇਲੀ ਫੌਜਾਂ ਨਾਲ ਝੜਪਾਂ ਵਿਚ ਤਿੰਨ ਫਲਸਤੀਨੀ ਨਾਗਰਿਕ ਮਾਰੇ ਗਏ ਸਨ | ਇਹ ਸਿਪਾਹੀ ਪੱਛਮੀ ਕੰਢੇ 'ਤੇ ਗਸ਼ਤ ਕਰ ਰਹੇ ਹਨ ਅਤੇ ਇਜ਼ਰਾਈਲ 'ਚ ਹਮਲਿਆਂ ਦੇ ਅਚਾਨਕ ਵਧਣ ਤੋਂ ਬਾਅਦ ਲੋਕਾਂ ਨੂੰ  ਗਿ੍ਫਤਾਰ ਕਰ ਰਹੇ ਹਨ | ਹਾਲ ਹੀ ਦੇ ਦਿਨਾਂ 'ਚ ਇਨ੍ਹਾਂ ਹਮਲਿਆਂ 'ਚ 14 ਲੋਕ ਮਾਰੇ ਗਏ ਹਨ | (ਏਜੰਸੀ)

ਫ਼ੋਟੋ: ਅਲ-ਅਕਸਾ ਮਸਜਿਦ ਝੜਪ