ਬੰਦੀ ਸਿੰਘਾਂ ਦੀ ਰਿਹਾਈ ਬਾਰੇ ਰਾਜਪਾਲ ਨੇ ਕਿਹਾ, 'ਮੇਰੇ ਹੱਥ ਕੁੱਝ ਨਹੀਂ'
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਰਾਜਪਾਲ ਨੇ ਕਿਹਾ, 'ਮੇਰੇ ਹੱਥ ਕੁੱਝ ਨਹੀਂ'
ਯੂਟੀ ਦੇ ਬੰਦੀ ਸਿੰਘਾਂ ਦਾ ਮਾਮਲਾ ਰਾਸ਼ਟਰਪਤੀ ਕੋਲ ਭੇਜਿਆ
ਚੰਡੀਗੜ੍ਹ, 15 ਅਪ੍ਰੈਲ (ਸੁਰਜੀਤ ਸਿੰਘ ਸੱਤੀ) : ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਿਲੇ ਹਵਾਰਾ ਕਮੇਟੀ ਦੇ ਮੈਂਬਰਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਪਸ਼ਟ ਤੌਰ 'ਤੇ ਕਹਿ ਦਿਤਾ ਹੈ ਕਿ ਇਸ ਮਾਮਲੇ ਵਿਚ ਉਨ੍ਹਾਂ ਦੇ ਹੱਥ ਕੁੱਝ ਨਹੀਂ ਤੇ ਮਾਮਲਾ ਵਿਚਾਰ ਲਈ ਰਾਸ਼ਟਰਪਤੀ ਕੋਲ ਭੇਜ ਦਿਤਾ ਗਿਆ ਹੈ |
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 11 ਜਨਵਰੀ ਨੂੰ ਇਕ ਮਾਰਚ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਰਾਜਭਵਨ ਚੰਡੀਗੜ੍ਹ ਆਇਆ ਸੀ ਤੇ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰਾਂ ਨੇ ਰਾਜਪਾਲ ਨੂੰ ਇੱਕ ਮੰਗ ਪੱਤਰ ਸੌਂਪ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਸੀ | ਇਸੇ ਮੰਗ ਪੱਤਰ 'ਤੇ ਕਾਰਵਾਈ ਬਾਰੇ ਜਾਨਣ ਲਈ ਅੱਜ ਕਮੇਟੀ ਦੇ ਤਿੰਨ ਮੈਂਬਰ ਭਾਈ ਹਵਾਰਾ ਦੇ ਮੂੰਹ ਬੋਲੇ ਪਿਤਾ ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਹਿਲ ਤੇ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ | ਮੁਲਾਕਾਤ ਉਪਰੰਤ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਰਾਜਪਾਲ ਨੇ ਕਿਹਾ ਹੈ ਕਿ ਪੰਜਾਬ ਦੇ ਬੰਦੀ ਸਿੰਘਾਂ ਬਾਰੇ ਪੰਜਾਬ ਸਰਕਾਰ ਵਲੋਂ ਮਤਾ ਭੇਜਿਆ ਜਾਣਾ ਲੋੜੀਂਦਾ ਹੈ ਤੇ ਹੋਰ ਸੂਬਿਆਂ ਦੇ ਬੰਦੀਆਂ ਬਾਰੇ ਮਾਮਲੇੇ 'ਤੇ ਵਿਚਾਰ ਕਰਨਾ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਹੈ ਅਤੇ ਇਸ ਦੇ ਨਾਲ ਹੀ ਰਾਜਪਾਲ ਨੇ ਕਿਹਾ ਕਿ ਬਤੌਰ ਯੂਟੀ ਚੰਡੀਗੜ੍ਹ ਪ੍ਰਸ਼ਾਸਕ ਉਨ੍ਹਾਂ ਕੋਲ ਰਿਹਾਈ ਦੇ ਅਖ਼ਤਿਆਰ ਨਹੀਂ ਹਨ ਤੇ ਇਹ ਅਖ਼ਤਿਆਰ ਰਾਸ਼ਟਰਪਤੀ ਕੋਲ ਹੈ ਤੇ ਮੰਗ ਪੱਤਰ ਵਿਚਾਰ ਲਈ ਰਾਸ਼ਟਰਪਤੀ ਕੋਲ ਭੇਜ ਦਿੱਤਾ ਗਿਆ ਹੈ |
ਐਡਵੋਕੇਟ ਚਹਿਲ ਨੇ ਕਿਹਾ ਕਿ ਇਹ ਬੜੀ ਨਮੋਸ਼ੀ ਦੀ ਗੱਲ ਹੈ ਕਿ ਤਿੰਨ ਮਹੀਨੇ ਪਹਿਲਾਂ ਰਾਜਪਾਲ ਨੇ ਕਿਹਾ ਸੀ ਕਿ ਉਹ ਚੰਡੀਗੜ੍ਹ ਦੇ ਬੰਦੀ ਸਿੰਘਾਂ ਬਾਰੇ ਹੀ ਫ਼ੈਸਲਾ ਲੈ ਸਕਦੇ ਹਨ ਪਰ ਅੱਜ ਉਨ੍ਹਾਂ ਕੋਰਾ ਜਵਾਬ ਦਿੰਦਿਆਂ ਮਾਮਲਾ ਰਾਸ਼ਟਰਪਤੀ ਕੋਲ ਭੇਜੇ ਜਾਣ ਦੀ ਗੱਲ ਕਹੀ | ਚਹਿਲ ਨੇ ਹਾਲਾਂਕਿ ਇਹ ਵੀ ਕਿਹਾ ਕਿ ਰਾਜਪਾਲ ਮੁਤਾਬਕ ਉਨ੍ਹਾਂ ਕਾਨੂੰਨੀ ਰਾਏ ਲੈਣ ਉਪਰੰਤ ਹੀ ਫਾਈਲ ਰਾਸ਼ਟਰਪਤੀ ਕੋਲ ਭੇਜੀ ਹੈ | ਚਹਿਲ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਮੰਗ ਪੱਤਰ ਦੇਣ ਉਪਰੰਤ ਬੰਦੀ ਸਿੰਘਾਂ ਦੀ ਕਸਟਡੀ ਸਰਟੀਫੀਕੇਟ ਤੇ ਹੋਰ ਲੋੜੀਂਦੇ ਦਸਤਾਵੇਜ ਰਾਜਪਾਲ ਕੋਲ ਪੁੱਜਦੇ ਕਰ ਦਿੱਤੇ ਗਏ ਸੀ ਪਰ ਅੱਜ ਕੁਝ ਹੋਰ ਹੀ ਜਵਾਬ ਮਿਲਿਆ | ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ ਕਤਲ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੋਆਣਾ ਦੀਆਂ ਸਜਾਵਾਂ ਸਬੰਧੀ ਅਪੀਲ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਤੇ ਉਨ੍ਹਾਂ ਦੀ ਰਿਹਾਈ ਕਾਨੂੰਨੀ ਕਾਰਵਾਈ ਕਾਰਨ ਨਹੀਂ ਹੋ ਸਕਦੀ ਪਰ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਤੇ ਲਖਵਿੰਦਰ ਸਿੰਘ ਨੂੰ ਮਿਲੀਭੁਗਤ ਦੀ ਧਾਰਾ ਤਹਿਤ ਸਜਾਵਾਂ ਮਿਲੀਆਂ ਸੀ ਤੇ ਉਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਹਨ ਪਰ ਉਹ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ, ਲਿਹਾਜਾ ਉਨ੍ਹਾਂ ਦੀ ਰਿਹਾਈ ਕਰਨ ਵਿੱਚ ਕੋਈ ਔਕੜ ਨਹੀਂ ਆਉਣੀ ਚਾਹੀਦੀ | ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਜਦੋਂ ਜਾਅਲੀ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਅਫਸਰ ਨੂੰ ਸਜਾ ਪੂਰੀ ਹੋਣ ਤੋਂ ਪਹਿਲਾਂ ਛੱਡਿਆ ਜਾ ਸਕਦਾ ਹੈ ਤਾਂ ਸਜਾ ਪੂਰੀ ਕਰਨ ਉਪਰੰਤ ਲੰਮਾ ਸਮਾਂ ਜੇਲ੍ਹ ਵਿੱਚ ਬੈਠੇ ਬੰਦੀ ਸਿੰਘਾਂ ਨੂੰ ਕਿਉਂ ਰਿਹਾਅ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਕੁਝ ਬੰਦੀ ਸਿੰਘਾਂ ਨੂੰ ਜੇਲ੍ਹ ਵਿੱਚ ਬੰਦ ਹੋਇਆਂ 27 ਸਾਲ ਵੀ ਹੋ ਗਏ ਹਨ ਤੇ ਸਜਾ ਪੂਰੀ ਹੋਇਆਂ ਵੀ ਲੰਮਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰਾਂ ਇਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀਆਂ | ਉਨ੍ਹਾਂ ਕਿਹਾ ਕਿ ਜੇਕਰ ਰਿਹਾਈ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਦੂਜੇ ਪਾਸੇ ਪੰਜਾਬ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ 'ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਅਜੇ ਤੱਕ ਰਿਹਾਈ ਨਾ ਹੋਣ ਦੇ ਸੁਆਲ ਬਾਰੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਲਈ ਉਹ ਦੋਵੇਂ ਆਮ ਆਦਮੀ ਪਾਰਟੀ ਨਾਲ ਸੰਪਰਕ ਕਰਕੇ ਰਿਹਾਈ ਦੀ ਮੰਗ ਕਰਨਗੇ | ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਨੇ ਕਿਹਾ ਕਿ ਪ੍ਰੋ.ਭੁੱਲਰ ਦੀ ਰਿਹਾਈ ਲਈ ਦਿੱਲੀ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਛੇਤੀ ਹੀ ਹਵਾਰਾ ਕਮੇਟੀ ਦੀ ਇੱਕ ਮੀਟਿੰਗ ਸੱਦੀ ਜਾਵੇਗੀ ਤੇ ਅੱਜ ਦੀ ਰਾਜਪਾਲ ਦੀ ਮੀਟਿੰਗ 'ਚ ਹੋਈ ਚਰਚਾ ਬਾਰੇ ਵਿਚਾਰ ਵਟਾਂਦਰਾ ਕਰਕੇ ਅਗਲੇਰੇ ਸੰਘਰਸ਼ ਦੀ ਵਿਉਂਤ ਤਿਆਰ ਕੀਤੀ ਜਾਵੇਗੀ | ਜਿਕਰਯੋਗ ਹੈ ਕਿ ਗੁਰਦੀਪ ਸਿੰਘ ਖੇੜਾ ਕਰਨਾਟਕ ਜੇਲ੍ਹ ਵਿੱਚ ਬੰਦ ਹੈ ਤੇ ਪ੍ਰੋਫੈਸਰ ਭੁੱਲਰ ਦਿੱਲੀ ਹੈ ਤੇ ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਦਾ ਮਾਮਲਾ ਚੰਡੀਗੜ੍ਹ ਦਾ ਹੈ ਤੇ ਇਸ ਵੇਲੇ 8 ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਉਪਰਾਲੇ ਕਰ ਰਹੀਆਂ ਹਨ |