ਕੌਣ ਹੈ ਸੰਦੀਪ ਨੰਗਲ ਅੰਬੀਆਂ ਦੇ ਭਰਾ ਦੀ ਜਾਨ ਪਿੱਛੇ? ਵਿਦੇਸ਼ ਤੋਂ ਫੋਨ ਕਰ ਕੇ ਕੌਣ ਕਰ ਰਿਹਾ ਹੈ ਪਰੇਸ਼ਾਨ?
ਕੇਸ ਵਾਪਿਸ ਲੈਣ ਲਈ ਪਾਇਆ ਜਾ ਰਿਹਾ ਦਬਾਅ
ਜਲੰਧਰ - 14 ਮਾਰਚ ਨੂੰ ਹੋਏ ਮਸ਼ਹੂਰ ਕਬੱਡੀ ਖ਼ਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਗਰੋਂ ਹੁਣ ਉਸ ਦੇ ਵੱਡੇ ਭਰਾ ਅੰਗਰੇਜ਼ ਸਿੰਘ ਨੂੰ ਵਿਦੇਸ਼ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੰਟਰਨੈੱਟ ਕਾਲਿੰਗ ਰਾਂਹੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਹਨ। ਅੰਗਰੇਜ਼ ਸਿੰਘ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਬੈਠੇ ਇਕ ਵਿਅਕਤੀ ਨੇ ਉਨ੍ਹਾਂ ਦੇ ਵਟਸਐਪ ਨੰਬਰ ’ਤੇ ਕਾਲ ਕਰਕੇ ਕਿਹਾ ਹੈ ਕਿ ਹੁਣ ਉਹ ਸੰਦੀਪ ਵਾਂਗ ਅੰਜ਼ਾਮ ਭੁਗਤਣ ਲਈ ਤਿਆਰ ਰਹਿਣ।
ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸੰਦੀਪ ਦੇ ਕਤਲ ਸਬੰਧੀ ਜਿਹੜੇ ਵੀ ਗੈਂਗਸਟਰਾਂ ਅਤੇ ਕਾਤਲਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ, ਉਸ ਨੂੰ ਵਾਪਸ ਲੈ ਲਿਆ ਜਾਵੇ, ਨਹੀਂ ਤਾਂ ਉਹ ਵੀ ਅੰਜਾਮ ਭੁਗਤਣ ਲਈ ਤਿਆਰ ਰਹੋ। ਧਮਕੀ ’ਚ ਕਿਹਾ ਗਿਆ ਹੈ ਕਿ ਜੋ ਹਾਲ ਸੰਦੀਪ ਦਾ ਕੀਤਾ ਹੈ, ਉਹੀ ਹਾਲ ਹੁਣ ਉਨ੍ਹਾਂ ਦੇ ਭਰਾ ਅੰਗਰੇਜ਼ ਸਿੰਘ ਦਾ ਹੋਵੇਗਾ।
ਉਥੇ ਹੀ ਸੰਦੀਪ ਦੇ ਭਰਾ ਅੰਗਰੇਜ਼ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਨੂੰ ਲੈ ਕੇ ਜਲੰਧਰ ਦੀ ਪੁਲਿਸ ਹਰਕਤ ’ਚ ਆਈ ਹੈ ਅਤੇ ਇਸ ਮਾਮਲੇ ਸਬੰਧੀ ਐੱਫ਼. ਆਈ. ਆਰ. ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਥਾਣਾ ਸਦਰ ਨਕੋਦਰ ਵਿਖੇ ਗੈਂਗਸਟਰ ਫਤਿਹ ਸਿੰਘ ਉਰਫ਼ ਯੁਵਰਾਜ, ਕੌਸ਼ਲ ਚੌਧਰੀ ਵਾਸੀ ਗੁੜਗਾਓਂ, ਤੀਜਾ ਨਾਂ ਜੁਝਾਰ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਸੰਨੀ ਉਰਫ਼ ਗੈਂਗਸਟਰ ਜੋਕਿ ਮੋਹਕਮਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ, ਇਸ ਦੌਰਾਨ ਚੌਥਾ ਨਾਂ ਅਮਿਤ ਡਾਗਰ ਦਾ ਨਾਂ ਵੀ ਸਾਹਮਣੇ ਆਇਆ ਸੀ। ਅਮਿਤ ਤੋਂ ਇਲਾਵਾ ਯਾਦਵਿੰਦਰ ਦਾ ਨਾਂ ਵੀ ਸਾਹਮਣੇ ਆਇਆ ਸੀ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਸੰਦੀਪ ਦੇ ਕਤਲ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ। ਇਸੇ ਦਰਮਿਆਨ ਹੁਣ ਸੰਦੀਪ ਦੇ ਭਰਾ ਅੰਗਰੇਜ਼ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।