ਨਕਲੀ ਪੁਲਿਸ ਤੇ CIA ਸਟਾਫ਼ ਬਣਕੇ ਆਏ ਅਣਪਛਾਤਿਆਂ ਨੇ 2 ਨੌਜਵਾਨਾਂ ਨੂੰ ਕੀਤਾ ਅਗ਼ਵਾ, ਲੁੱਟੇ 42  ਲੱਖ ਰੁਪਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੋਟਲ 'ਚੋਂ 42 ਲੱਖ ਰੁਪਏ ਲੈ ਕੇ ਹੋਏ ਫਰਾਰ, ਦੇਖੋ ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ

Bathinda loot

ਬਠਿੰਡਾ : ਇਥੋਂ ਦੇ ਹਨੂਮਾਨ ਚੌਕ ਨੇੜੇ ਹੋਟਲ ਵਿਚ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ ਅਤੇ ਇੰਨਾ ਹੀ ਨਹੀਂ ਸਗੋਂ ਪੁਲਿਸ ਦਾ ਭੇਸ ਵਟਾ ਕੇ ਆਏ ਅਣਪਛਾਤਿਆਂ ਨੇ ਦੋ ਨੌਜਵਾਨਾਂ ਨੂੰ ਵੀ ਅਗਵਾ ਕੀਤਾ ਹੈ। ਜਾਣਕਾਰੀ ਅਨੁਸਾਰ ਹੋਟਲ ਫਾਈਵ ਰਿਵਰ ਦੇ ਕਮਰਾ ਨੰ 204 ’ਚ ਰੁਕੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ ਹੈ।

 ਅਗਵਾ ਕੀਤੇ ਨੌਜਵਾਨਾਂ ਨੂੰ ਬਠਿੰਡਾ - ਸ੍ਰੀਗੰਗਾਨਗਰ ਮੁਕਤਸਰ 'ਟੀ' ਪੁਆਇੰਟ 'ਤੇ ਛੱਡ ਦਿੱਤਾ ਗਿਆ। ਇਹ ਅਗਵਾ ਕਰ ਕੇ ਕੀਤੀ ਲੁੱਟ ਦੀ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਹੈ ਜਿਸ ਦੇ ਅਧਾਰ 'ਤੇ ਪੁਲਿਸ ਵਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਦੱਸ ਦੇਈਏ ਕਿ ਲੁਟੇਰਿਆਂ ਨੇ ਅਗਵਾ ਕੀਤੇ ਨੌਜਵਾਨਾਂ ਤੋਂ 42 ਲੱਖ ਰੁਪਏ ਲੁੱਟੇ ਅਤੇ ਉਨ੍ਹਾਂ ਨੂੰ ਕੀਤੇ ਦੂਰ ਛੱਡ ਕੇ ਖੁਦ ਮੌਕੇ ਤੋਂ ਫਰਾਰ ਹੋ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਅਤੇ ਗੁਰੀ ਵਾਸੀ ਪਟਿਆਲਾ ਜਿਨ੍ਹਾਂ ਨੇ ਵਿਦੇਸ਼ ਪੜ੍ਹਾਈ ਕਰਨ ਜਾਨ ਲਈ 42 ਲੱਖ ਰੁਪਏ ਲੱਕੀ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੇਣੇ ਸਨ। ਲੱਕੀ ਵਲੋਂ ਬਠਿੰਡਾ ਵਿਖੇ ਨਿਸ਼ਾਨ ਸਿੰਘ ਵਾਸੀ ਲੁਧਿਆਣਾ ਨੂੰ ਇਹ ਪੈਸੇ ਲੈਣ ਲਈ ਭੇਜਿਆ ਗਿਆ ਸੀ। ਜਿਹੜੇ ਬਠਿੰਡਾ ਦੇ ਹੋਟਲ ਫਾਈਵ ਰਿਵਰ ’ਚ ਰਾਤ ਨੂੰ ਰੁਕੇ ਸਨ। ਉਨ੍ਹਾਂ ਦੇ ਨਾਲ ਦੇ ਕਮਰੇ ’ਚ ਲੁਟੇਰਿਆਂ ਦਾ ਦੋਸਤ ਵੀ ਰੁੱਕਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਅਚਾਨਕ ਹੋਟਲ ’ਚ ਪੁਲਿਸ ਦੇ ਕੁਝ ਅਧਿਕਾਰੀ ਜਿਹੜੇ ਖੁਦ ਨੂੰ CIA ਸਟਾਫ ਦੱਸਦੇ ਸਨ, ਆਏ ਅਤੇ ਕਮਰੇ ਦੀ ਤਲਾਸ਼ੀ ਲੈਣ ਲੱਗੇ।  ਇਸ ਪੂਰੀ ਘਟਨਾ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਮਿਲੀ ਤਾਂ ਉਥੇ ਪਹੁੰਚ ਕੇ ਪੁਲਿਸ ਵਲੋਂ ਕੀਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਕਤ ਲੁਟੇਰੇ ਜਦੋਂ ਹੋਟਲ ’ਚ ਆਏ ਤਾਂ ਪੁਲਿਸ ਦੇ ਪਹਿਰਾਵੇ ਵਿਚ ਹੋਣ ਕਾਰਨ ਕਿਸੇ ਨੇ ਵੀ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਗਿਆ।

ਇਹੀ ਕਾਰਨ ਰਿਹਾ ਕਿ ਉਨ੍ਹਾਂ ਨੂੰ ਆਪਣਾ ਟੀਚਾ ਮਿਥਨ ਵਿਚ ਵੀ ਆਸਾਨੀ ਹੋਈ। ਸੀ.ਸੀ.ਟੀ.ਵੀ. ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਉਕਤ ਲੁਟੇਰੇ ਕਿੰਨੇ ਆਰਾਮ ਨਾਲ ਹੋਟਲ ਦੇ ਕਮਰੇ ’ਚ ਜਾ ਕੇ ਨੌਜਵਾਨਾਂ ਤੋਂ ਪੁਛਗਿਛ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਅਗਵਾ ਕਰ ਕੇ ਲੈ ਜਾਂਦੇ ਹਨ। ਇੰਨਾ ਹੀ ਨਹੀਂ ਸਗੋਂ ਬਿਨ੍ਹਾ ਕਿਸੇ ਪ੍ਰੇਸ਼ਾਨੀ ਦੇ ਉਨ੍ਹਾਂ ਤੋਂ 42 ਲੱਖ ਰੁਪਏ ਵੀ ਲੁੱਟ ਲਏ। ਇਸ ਬਾਰੇ ਪੁਲਿਸ ਨੇ ਦੱਸਿਆ ਹੈ ਕਿ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਉਨ੍ਹਾਂ ਅਣਪਛਾਤੇ ਲੁਟੇਰਿਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।