Dalvir Singh Goldy: ਟਿਕਟ ਕੱਟੇ ਜਾਣ 'ਤੇ ਝਲਕਿਆ ਦਲਵੀਰ ਗੋਲਡੀ ਦਾ ਦਰਦ, ਕਾਂਗਰਸ ਹਾਈਕਮਾਨ ਨੂੰ ਕੀਤੀ ਅਪੀਲ 

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬੰਦੇ ਨੂੰ ਹੀ ਸਜ਼ਾ ਮਿਲਦੀ ਹੈ। 

Dalvir Goldy

Dalvir Singh Goldy: ਸੰਗਰੂਰ - ਕਾਂਗਰਸ ਨੇ ਸੰਗਰੂਰ ਤੋਂ ਇਸ ਵਾਰ ਦਲਵੀਰ ਗੋਲਡੀ ਦੀ ਟਿਕਟ ਕੱਟ ਦਿੱਤੀ ਹੈ ਤੇ ਇਸ ਹਲਕੇ ਤੋਂ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ। ਟਿਕਟ ਨਾ ਮਿਲਣ ਨਾਰਾਜ਼ ਚੱਲ ਰਹੇ ਦਲਵੀਰ ਗੋਲਡੀ ਅੱਜ ਲਾਈਵ ਹੋ ਕੇ ਭਾਵੁਕ ਹੋ ਗਏ ਤੇ ਉਹਨਾਂ ਨੇ ਪਾਰਟੀ ਹਾਈਕਮਾਨ ਨੂੰ ਅਪੀਲ ਵੀ ਕੀਤੀ ਹੈ। 

ਗੋਲਡੀ ਨੇ ਖਹਿਰਾ ਨੂੰ ਟਿਕਟ ਮਿਲਣ ਦਾ ਸੁਆਗਤ ਕਰਦਿਆਂ ਹਾਈਕਮਾਨ ਤੋਂ ਪੁੱਛਿਆ ਕਿ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਵੱਡਾ ਤੇ ਛੋਟਾ ਲੀਡਰ ਕੀ ਹੁੰਦਾ ਹੈ।
ਦਲਵੀਰ ਗੋਲਡੀ ਨੇ ਕਿਹਾ ਕਿ ਉਹ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਏ ਜਾਣ ਦੇ ਪਾਰਟੀ ਦੇ ਫ਼ੈਸਲੇ ਦਾ ਸੁਆਗਤ ਕਰਦੇ ਹਨ ਪਰ ਉਹਨਾਂ ਨੂੰ ਇਸ ਗੱਲ ਨੇ ਬਹੁਤ ਠੇਸ ਪਹੁੰਚਾਈ ਹੈ ਕਿ ਵੱਡਾ ਲੀਡਰ ਜਾਂ ਛੋਟਾ ਲੀਡਰ ਕੀ ਹੁੰਦਾ ?

ਵੱਡਾ ਲੀਡਰ ਪੈਸੇ ਨਾਲ ਮਾਪਿਆ ਜਾਂਦਾ ਜਾਂ ਫਿਰ ਵਫਾਦਰੀ ਨਾਲ ਜਾਂ ਫਿਰ ਵੱਡਾ ਲੀਡਰ ਉਹ ਹੁੰਦਾ ਜਿਸ ਦੇ ਬਾਪ-ਦਾਦੇ ਮੰਤਰੀ ਹੋਣ ਪਰ ਮੈਂ ਤਾਂ ਸਧਾਰਨ ਪਰਿਵਾਰ ਨਾਲ ਸਬੰਧਤ ਹਾਂ, ਮੈਂ ਤਾਂ ਹਮੇਸ਼ਾ ਸੰਘਰਸ਼ ਹੀ ਕੀਤਾ ਤੇ ਪਾਰਟੀ ਨਾਲ ਹਮੇਸ਼ਾ ਵਫ਼ਾਦਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬੰਦੇ ਨੂੰ ਹੀ ਸਜ਼ਾ ਮਿਲਦੀ ਹੈ। 

ਦਲਵੀਰ ਗੋਲਡੀ ਨੇ ਕਿਹਾ ਕਿ ਮੇਰੀ ਟਿਕਟ ਪਹਿਲੀ ਵਾਰ ਨਹੀਂ ਕੱਟੀ ਗਈ। 2012 ਵਿਚ ਪਾਰਟੀ ਨੇ ਟਿਕਟ ਕੱਟੀ ਪਰ ਜਿਸ ਨੂੰ ਟਿਕਟ ਦਿੱਤੀ ਸੀ ਕਿ ਉਹ ਹੁਣ ਪਾਰਟੀ ਦਾ ਹਿੱਸਾ ਹੈ, ਇਸ ਤੋਂ ਬਾਅਦ 2014 ਦੀ ਜ਼ਿਮਨੀ ਚੋਣ ਵੇਲੇ ਵੀ ਟਿਕਟ ਕੱਟੀ, ਇਸ ਤੋਂ ਬਾਅਦ 2019 ਵੇਲੇ ਟਿਕਟ ਕੱਟੀ ਗਈ। 2022 ਦੀਆਂ ਚੋਣਾਂ ਦੌਰਾਨ ਜਦੋਂ ਮੁੱਖ ਮੰਤਰੀ ਦੇ ਖ਼ਿਲਾਫ਼ ਚੋਣ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਲੋੜ ਹੈ।

ਮੇਰੇ ਨਾਲ ਪਾਰਟੀ ਦੀ ਗੱਲ ਹੋਈ ਸੀ ਕਿ ਤੁਸੀਂ ਸੰਗਰੂਰ ਜ਼ਿਮਨੀ ਚੋਣ ਲੜੋ ਇਸ ਤੋਂ ਬਾਅਦ ਤੁਹਾਨੂੰ 2024 ਦੀ ਲੋਕ ਸਭਾ ਚੋਣ ਲੜਾਈ ਜਾਵੇਗੀ ਪਰ ਹੁਣ ਮੇਰੀ ਟਿਕਟ ਕੱਟ ਦਿੱਤੀ ਗਈ। ਦਲਵੀਰ ਗੋਲਡੀ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੀ ਸੁਖਪਾਲ ਖਹਿਰਾ ਜਾਂ ਪਾਰਟੀ ਹਾਈਕਮਾਨ ਨਾਲ ਕੋਈ ਗੱਲ ਨਹੀਂ ਹੋਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਗੋਲਡੀ ਨੇ ਹਾਈਕਮਾਂਡ ਨੂੰ ਬੇਨਤੀ ਕੀਤੀ ਜਦੋਂ ਵੀ ਪਾਰਟੀਆਂ ਅਜਿਹੇ ਫ਼ੈਸਲੇ ਲੈਂਦੀਆਂ ਹਨ ਤਾਂ ਇਨਸਾਨ ਦੀ ਕਦਰ ਨੂੰ ਸਮਝਿਆ ਜਾਵੇ, ਕਿਸੇ ਇਨਸਾਨ ਨੂੰ ਧੋਖੇ ਵਿਚ ਨਾ ਰੱਖਿਆ ਜਾਵੇ, ਧੀ-ਪੁੱਤ ਦਾ ਮਜ਼ਾਕ ਨਾ ਬਣਾਓ ਤੇ ਉਸ ਨੂੰ ਧੋਖਾ ਨਾ ਦਿਓ।