Ludhiana News : ਮਾਸੂਮ ਦਿਲਰੋਜ਼ ਕਤਲ ਮਾਮਲੇ 'ਚ ਹੁਣ 18 ਅਪ੍ਰੈਲ ਨੂੰ ਆਏਗਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀੜਤ ਪਰਿਵਾਰ ਵੱਲੋਂ ਦੋਸ਼ੀ ਮਹਿਲਾ ਲਈ ਫਾਂਸੀ ਦੀ ਸਜ਼ਾ ਦੀ ਮੰਗ

Dilroz murder case

 

Ludhiana News : ਲੁਧਿਆਣਾ ਦੇ ਬਹੁ ਚਰਚਿਤ ਦਿਲਰੋਜ ਕਤਲ ਮਾਮਲੇ 'ਚ ਅਦਾਲਤ ਨੇ ਅੱਜ ਵੀ ਆਪਣਾ ਫ਼ੈਸਲਾ ਨਹੀਂ ਸੁਣਾਇਆ। ਇਸ ਮਾਮਲੇ 'ਤੇ ਹੁਣ 18 ਅਪ੍ਰੈਲ ਨੂੰ ਫ਼ੈਸਲਾ ਆਏਗਾ। ਇਸ ਦੌਰਾਨ ਦਿਲਰੋਜ ਦੇ ਪਿਤਾ ਨੇ ਦੋਸ਼ੀ ਮਹਿਲਾ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।

 

ਦਿਲਰੋਜ਼ ਦੇ ਮਾਪਿਆਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਉਹ ਆਪਣੀ ਪਿਆਰੀ ਬੱਚੀ ਤੋਂ ਬਗੈਰ ਹਰ ਰੋਜ਼ ਤੜਪ ਰਹੇ ਹਨ। ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਕਿ ਕਤਲ ਦੀ ਦੋਸ਼ੀ ਮਹਿਲਾ ਨੀਲਮ ਨੂੰ ਫਾਂਸੀ ਤੋਂ ਘੱਟ ਹੋਰ ਕੋਈ ਵੀ ਸਜ਼ਾ ਨਾ ਦਿੱਤੀ ਜਾਵੇ।

 

ਦੱਸ ਦੇਈਏ ਕਿ ਢਾਈ ਸਾਲ ਦੀ ਦਿਲਰੋਜ਼ ਦਾ ਗੁਆਂਢਣ ਵੱਲੋਂ ਨਵੰਬਰ 2021 ਵਿੱਚ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਮ੍ਰਿਤਕ ਬੱਚੀ ਦਿਲਰੋਜ਼ ਆਪਣੇ ਮਾਪਿਆਂ ਦੀ ਇੱਕਲੋਤੀ ਬੇਟੀ ਸੀ ਅਤੇ ਉਸ ਦੇ ਪਿਤਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹਨ। 

 

ਅੱਜ ਅਦਾਲਤ ਵੱਲੋਂ ਕਾਤਲ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਕਿਸੇ ਕਾਰਨਾਂ ਕਰਕੇ ਅਦਾਲਤ ਨੇ ਆਪਣਾ ਫ਼ੈਸਲਾ ਨਹੀਂ ਸੁਣਾਇਆ। ਇਸ ਮਾਮਲੇ 'ਤੇ ਹੁਣ 18 ਅਪ੍ਰੈਲ ਨੂੰ ਫ਼ੈਸਲਾ ਆਏਗਾ। ਇਸ ਮਾਮਲੇ 'ਚ ਪਿਛਲੀ ਦਿਨੀਂ ਦੋਸ਼ ਤੈਅ ਕੀਤੇ ਗਏ ਸਨ। 

 

ਇਹ ਸੀ ਕਤਲ ਦਾ ਕਾਰਨ 

 

ਦੋਸ਼ੀ ਨੀਲਮ 2015 ਤੋਂ ਤਲਾਕਸ਼ੁਦਾ ਹੈ ਅਤੇ ਆਪਣੀਆਂ ਦੋ ਬੇਟੀਆਂ ਦੇ ਨਾਲ ਪੇਕੇ ਪਰਿਵਾਰ ਨਾਲ ਰਹਿ ਰਹੀ ਸੀ। ਕਤਲ ਤੋਂ ਪਹਿਲਾਂ ਉਸ ਦੀ ਦਿਲਰੋਜ਼ ਦੇ ਮਾਪਿਆਂ ਦੇ ਨਾਲ ਛੋਟੀ ਜਿਹੀ ਗੱਲ ਉੱਤੇ ਬਹਿਸ ਹੋਈ ਸੀ ਅਤੇ ਉਸ ਗੱਲ ਤੋਂ ਹੀ ਨਰਾਜ਼ ਹੋਕੇ ਉਸ ਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਦਿਲਰੋਜ਼ ਦਾ ਕਤਲ ਕਰ ਦਿੱਤਾ ਸੀ। 

 

ਨੀਲਮ ਦੇ ਪਰਿਵਾਰਿਕ ਮੈਂਬਰ ਆਪਣਾ ਘਰ ਛੱਡ ਕੇ ਕਿਤੇ ਹੋਰ ਰਹਿਣ ਲਈ ਜਾ ਰਹੇ ਸਨ ਅਤੇ ਉਹ ਆਖਰੀ ਦਿਨ ਸੀ ,ਜਿਸ ਦਿਨ ਉਹਨਾਂ ਨੇ ਆਪਣੇ ਘਰ ਦਾ ਬਾਕੀ ਸਮਾਨ ਚੁੱਕਣਾ ਸੀ ਅਤੇ ਆਖਰੀ ਦਿਨ ਹੀ ਦੋਸ਼ੀ ਨੀਲਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮਾਸੂਮ ਦਿਲਰੋਜ਼ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਉਸ ਨੂੰ ਜਾਨੋਂ ਮਾਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।