Tarn Tarn News : ਗੈਂਗਸਟਰ ਗੋਲਡੀ ਬਰਾੜ ਦੇ ਨਾਮ 'ਤੇ 20 ਲੱਖ ਦੀ ਫਿਰੌਤੀ ਮੰਗਣ ਵਾਲੇ ਤਿੰਨ ਆਰੋਪੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੜੇ ਗਏ ਮੁਲਜ਼ਮਾਂ ਕੋਲੋਂ ਇੱਕ ਨਕਲੀ ਪਿਸਤੌਲ, ਇੱਕ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਅਤੇ ਚਾਰ ਮੋਬਾਈਲ ਫੋਨ ਬਰਾਮਦ

Tarn Tarn

 

Tarn Tarn News : ਗੈਂਗਸਟਰਾਂ ਵੱਲੋਂ ਫੋਨ ਰਾਹੀਂ ਧਮਕੀਆਂ ਦੇ ਕੇ ਫਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਖੇਮਕਰਨ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਗੈਂਗਸਟਰ ਗੋਲਡੀ ਬਰਾੜ ਦੇ ਨਾਮ 'ਤੇ 20 ਲੱਖ ਦੀ ਫਰੌਤੀ ਮੰਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਖੇਮਕਰਨ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਉਕਤ ਆਰੋਪੀਆਂ ਕੋਲੋਂ ਇੱਕ ਖਿਡਾਉਣਾ ਪਿਸਤੌਲ ,ਇੱਕ ਬਿਨਾਂ ਨੰਬਰ ਹੀਰੋ ਡੀਲੈਕਸ ਮੋਟਰਸਾਈਕਲ , ਵਾਰਦਾਤ ਸਮੇਂ ਵਰਤੇ ਗਏ ਚਾਰ ਮੋਬਾਈਲ ਫੋਨ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। 

 

ਇਸ ਸਬੰਧੀ ਜ਼ਿਲ੍ਹਾ ਤਰਨਤਰਨ ਦੇ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੀ ਬੀਤੀ 14 ਅਪ੍ਰੈਲ ਨੂੰ ਅਮਿਤ ਕੁਮਾਰ ਪੁੱਤਰ ਪ੍ਰੇਮਪਾਲ ਵਾਸੀ ਵਾਰਡ ਨੰਬਰ ਚਾਰ ਖੇਮਕਰਨ ਵੱਲੋਂ ਇੱਕ ਦਰਖਾਸਤ ਦਰਜ ਕਰਵਾਈ ਗਈ ਸੀ ਕਿ ਉਸਦੇ ਮੋਬਾਈਲ ਫੋਨ 'ਤੇ ਗੋਲਡੀ ਬਰਾੜ ਨਾਮਕ ਗੈਂਗਸਟਰ ਵੱਲੋਂ ਉਸ ਤੋਂ 20 ਲੱਖ ਰੁਪਏ ਦੀ ਫਰੌਤੀ ਮੰਗੀ ਜਾ ਰਹੀ ਹੈ ਅਤੇ ਉਤੋਂ ਫਰੌਤੀ ਭਿੱਖੀਵਿੰਡ ਅੱਡੇ ਵਿੱਚ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ। 

 

ਜਿਸ 'ਤੇ ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਮੁਕਦਮਾ ਨੰਬਰ 45 ਦਰਜ ਕਰਕੇ ਅਗਲੀ ਤਬਦੀਸ਼ ਆਰੰਭੀ ਗਈ ਸੀ। ਜਿਸ ਦੇ ਚਲਦਿਆਂ ਥਾਣਾ ਖੇਮਕਰਨ ਦੀ ਪੁਲਿਸ ਅਤੇ ਸੀਆਈਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਦੁਰਾਨੇ ਨਾਕਾਬੰਦੀ ਕਰਕੇ ਤਿੰਨ ਵਿਅਕਤੀ ਪੰਕਜ ਬਜਾਜ ਪੁੱਤਰ ਬਲਰਾਮ ਬਜਾਜ ਵਾਸੀ ਵਾਰਡ ਨੰਬਰ 6 ਖੇਮਕਰਨ , ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਗੁਰਨਾਮ ਸਿੰਘ ਵਾਸੀ ਵਾਰਡ ਨੰਬਰ ਪੰਜ ਖੇਮਕਰਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਵੇਲ ਸਿੰਘ ਵਾਸੀ ਪ੍ਰੇਮ ਨਗਰ ਵਾਰਡ ਨੰਬਰ ਪੰਜ ਖੇਮਕਰ ਨੂੰ ਇੱਕ ਖਿਡਾਉਣਾ ਪਿਸਤੌਲ ,ਇੱਕ ਬਿਨਾਂ ਨੰਬਰੀ ਹੀਰੋ ਡੀਲਕਸ ਮੋਟਰਸਾਈਕਲ ਅਤੇ ਵਾਰਦਾਤ ਸਮੇਂ ਵਰਤੇ ਗਏ ਚਾਰ ਮੋਬਾਈਲ ਫੋਨ ਸਮੇਤ ਕਾਬੂ ਕਰ ਲਿਆ। 

 

ਜਿਨ੍ਹਾਂ ਨੇ ਦੁਰਾਨੇ ਪੁਸ਼ਗਿਸ਼ ਦੱਸਿਆ ਕਿ ਗੋਲਡੀ ਬਰਾੜ ਬਣ ਕੇ ਉਨਾਂ ਵੱਲੋਂ ਅਮਿਤ ਕੁਮਾਰ ਪੁੱਤਰ ਪ੍ਰੇਮਪਾਲ ਵਾਸੀ ਵਾਰਡ ਨੰਬਰ ਚਾਰ ਖੇਮਕਰਨ ਪਾਸੋਂ 20 ਲੱਖ ਰੁਪਏ ਦੀ ਫਰੌਤੀ ਮੰਗੀ ਗਈ ਸੀ। ਐਸਐਸਪੀ ਤਰਨ ਤਾਰਨ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮਾਂ ਪੰਕਜ ਬਜਾਜ ਜਿਸਨੇ ਕਰੀਬ 20 ਸਾਲ ਮੁਦਈ ਅਮਿਤ ਕੁਮਾਰ ਦੀ ਆੜਤ ਉੱਪਰ ਮੁਨੀਮੀ ਦਾ ਕੰਮ ਕੀਤਾ ਸੀ ਅਤੇ ਬਾਅਦ ਵਿੱਚ ਉਸਨੇ ਆਪਣਾ ਹੀ ਕੰਮ ਸ਼ੁਰੂ ਕਰ ਲਿਆ ਸੀ ਅਤੇ ਉਸ ਨੂੰ ਇਹਨਾਂ ਦਾ ਪੂਰਾ ਭੇਦ ਸੀ। 

 

ਜਿਸ ਦੇ ਚਲਦਿਆਂ ਉਸ ਨੇ ਆਪਣੇ ਸਾਥੀਆਂ ਸਮੇਤ ਉਕਤ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਐਸਐਸਪੀ ਤਰਨ ਤਰਨ ਨੇ ਦੱਸਿਆ ਕਿ ਉਕਤ 45 ਨੰਬਰ ਮੁਕਦਮੇ ਵਿੱਚ ਤਿੰਨੋਂ ਮੁਲਜ਼ਮਾਂ ਨੂੰ ਸ਼ਾਮਿਲ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਕਿਉਂਕਿ ਇਹਨਾਂ ਪਾਸੋਂ ਕਈ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।