ਲਾਲਜੀਤ ਸਿੰਘ ਭੁੱਲਰ ਵੱਲੋਂ ਤਰਨਤਾਰਨ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨੇ 01 ਕਰੋੜ 10 ਲੱਖ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

Laljit Singh Bhullar inaugurates infrastructure projects in various government schools of Tarn Taran

ਚੰਡੀਗੜ੍ਹ/ਤਰਨਤਾਰਨ: ਸਰਕਾਰੀ ਸਕੂਲਾਂ ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾ ਕੇ ਸੂਬੇ ਦੀ ਸਿੱਖਿਆ ਪ੍ਰਣਾਲੀ ਦੀ ਨੁਹਾਰ ਬਦਲਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ "ਸਿੱਖਿਆ ਕ੍ਰਾਂਤੀ" ਪਹਿਲਕਦਮੀ ਦੇ ਹਿੱਸੇ ਵਜੋਂ ਪੱਟੀ ਹਲਕੇ ਦੇ 06 ਸਕੂਲਾਂ ਵਿੱਚ 01 ਕਰੋੜ 10 ਲੱਖ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਹਲਕਾ ਪੱਟੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਠੱਠਾ, ਸਰਕਾਰੀ ਐਲੀਮੈਂਟਰੀ ਸਕੂਲ ਚੌਧਰੀਵਾਲਾ, ਸਰਕਾਰੀ ਐਲੀਮੈਂਟਰੀ ਸਕੂਲ ਦਰਗਾਪੁਰ, ਸਰਕਾਰੀ ਐਲੀਮੈਂਟਰੀ ਸਕੂਲ ਖੇਡਾ, ਸਰਕਾਰੀ ਹਾਈ ਸਕੂਲ ਦਦੇਹਰ ਸਾਹਿਬ ਅਤੇ ਸਰਕਾਰੀ ਹਾਈ ਸਕੂਲ ਠੱਠੀਆ ਮਹੰਤਾਂ ਦੇ ਸਕੂਲਾਂ ਵਿਖੇ ਲੱਗਭੱਗ 01 ਕਰੋੜ 10 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਸਬੰਧੀ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।

ਸੂਬੇ ਵਿੱਚ ਉੱਜਵਲ ਭਵਿੱਖ ਦੀ ਉਮੀਦ ਜਤਾਉਂਦਿਆਂ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਅਤੇ ਸੂਬੇ ਵਿੱਚ ਵਿਦਿਅਕ ਮਿਆਰਾਂ ਨੂੰ ਉੱਚਾ ਚੁੱਕਣ ਲਈ "ਸਿੱਖਿਆ ਕ੍ਰਾਂਤੀ" ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਆਮ ਘਰਾਂ ਦੇ ਬੱਚੇ ਵਿਸ਼ਵਵਿਆਪੀ ਮੁਕਾਬਲੇ ਦੇ ਇਸ ਯੁੱਗ ਵਿੱਚ ਆਪਣਾ ਅਹਿਮ ਸਥਾਨ ਬਣਾ ਸਕਣ।

ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲ ਆਧੁਨਿਕ ਸਹੂਲਤਾਂ ਨਾਲ ਲੈਸ ਹਨ, ਜਿਸ ਵਿੱਚ ਹਾਈ-ਸਪੀਡ ਵਾਈ-ਫਾਈ ਕਨੈਕਸ਼ਨ, ਪੀਣ ਵਾਲਾ ਸਾਫ਼ ਪਾਣੀ, ਲੜਕੇ ਅਤੇ ਲੜਕੀਆਂ ਲਈ ਵੱਖਰੇ ਪਖਾਨੇ, ਚਾਰਦੀਵਾਰੀ, ਸਮਾਰਟ ਕਲਾਸਰੂਮ, ਏਕੀਕ੍ਰਿਤ ਵਿਗਿਆਨ ਲੈਬਾਂ, ਇੰਟਰਐਕਟਿਵ ਪੈਨਲ, ਖੇਡ ਦੇ ਮੈਦਾਨ ਅਤੇ ਆਧੁਨਿਕ ਫਰਨੀਚਰ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਇਸ ਮਹੱਤਵਪੂਰਨ ਨਿਵੇਸ਼ ਦਾ ਉਦੇਸ਼ ਵਿਦਿਆਰਥੀਆਂ ਲਈ ਸਿੱਖਣ ਦਾ ਅਨੁਕੂਲ ਮਾਹੌਲ ਸਿਰਜਣਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਵਿੱਦਿਅਕ ਮਿਆਰਾਂ ਨੂੰ ਉੱਚਾ ਚੁੱਕਣਾ ਹੈ ਅਤੇ ਸਰਕਾਰੀ ਸਕੂਲ ਵਿਦਿਅਕ ਗੁਣਵੱਤਾ ਦੇ ਮਾਮਲੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਰਹੇ ਹਨ।ਊਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾ ਸਿਰਫ਼ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ ਬਲਕਿ ਸਰਕਾਰੀ ਸਕੂਲਾਂ ਵਿੱਚ ਸਿੱਖਣ ਦੇ ਸਾਜ਼ਗਾਰ ਮਾਹੌਲ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।

ਇਸ ਮੌਕੇ ਚੇਅਰਮੈਨ ਸ. ਦਿਲਬਾਗ ਸਿੰਘ, ਡੀਈਓ ਐਲੀਮੈਂਟਰੀ ਸਿੱਖਿਆ ਜਗਵਿੰਦਰ ਸਿੰਘ ਲਹਿਰੀ, ਹਲਕਾ ਇੰਚਾਰਜ ਜਸਵਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਬੱਚਿਆਂ ਦੇ ਮਾਪੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸੀ।