ਨਸ਼ਾ ਤਸਕਰੀ ਕਰਨ ਤੋਂ ਰੋਕਣ 'ਤੇ ਪੰਜ ਭੈਣਾਂ ਦੇ ਇਕਲੌਤੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਪਰਿਵਾਰ ਪ੍ਰਸ਼ਾਸਨ ਤੋਂ ਕਰ ਰਿਹਾ ਇਨਸਾਫ਼ ਦੀ ਮੰਗ
ਬਠਿੰਡਾ: ਪੰਜਾਬ ਵਿੱਚ ਨਸ਼ਾ ਬੰਦ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਇਸ ਮੁਹਿਮ ਤਹਿਤ ਜਿੱਥੇ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਨਸ਼ਾ ਤਸਕਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਨਾਂ ਵੱਲੋਂ ਵਿਰੋਧ ਕਰਨ ਵਾਲਿਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਜਾ ਰਿਹਾ ਹੈ। ਬਠਿੰਡਾ ਦੇ ਕਸਬਾ ਮੌੜ ਮੰਡੀ ਦਾ ਹੈ ਜਿੱਥੇ ਦੀਪ ਨਾਮਕ ਨੌਜਵਾਨ ਨੂੰ ਕਰੀਬ ਇੱਕ ਦਰਜਨ ਨੌਜਵਾਨਾਂ ਵੱਲੋਂ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕਤਲ ਕੀਤਾ ਗਿਆ ਹੈ ਦੀਪ ਦੇ ਜੀਜੇ ਜਸਕਰਨ ਸਿੰਘ ਨੇ ਦੱਸਿਆ ਕਿ ਦੀਪ ਵੱਲੋਂ ਅਕਸਰ ਹੀ ਬਸਤੀ ਵਿੱਚ ਚਿੱਟੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਵਿਰੋਧ ਕੀਤਾ ਜਾਂਦਾ ਸੀ ਇਸੇ ਵਿਰੋਧ ਦੇ ਚਲਦਿਆਂ 14 ਅਪ੍ਰੈਲ ਨੂੰ ਜਦੋਂ ਉਹ ਆਪਣੇ ਪਿਤਾ ਲਈ ਚਾਵਲ ਬਣਾ ਕੇ ਦਹੀਂ ਲੈਣ ਗਿਆ ਤਾਂ ਕਰੀਬ ਇੱਕ ਦਰਜਨ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਦੀਪ ਨੂੰ ਬੁਰੀ ਤਰ੍ਹਾਂ ਵੱਡਿਆ ਗਿਆ। ਇਲਾਜ ਲਈ ਹਸਪਤਾਲ ਲਜਾਇਆ ਗਿਆ ਜਿੱਥੇ ਇਲਾਜ ਦੌਰਾਨ ਦੀਪ ਦੀ ਮੌਤ ਹੋ ਗਈ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਉਧਰ ਦੂਸਰੇ ਪਾਸੇ ਥਾਣਾ ਮੌੜ ਦੇ ਇੰਚਾਰਜ ਤਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਰੀਬ ਇੱਕ ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਤੇ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਇਸ ਕਤਲ ਕਾਂਡ ਵਿੱਚ ਸ਼ਾਮਿਲ ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।