ਆਂਗਨਵਾੜੀ ਵਰਕਰਾਂ, ਹੈਲਪਰਾਂ ਨੇ ਕਾਂਗਰਸੀ ਮੰਤਰੀਆਂ ਦੇ ਘਰ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਿਰੋਜ਼ਪੁਰ, ਆਲ ਇੰਡੀਆ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਸੂਬੇ ਦੇ ਸਾਰੇ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਭੁੱਖ ਹੜਤਾਲ...

Anganwadi workers, helpers  hunger strike at the Congress ministers' house

ਫ਼ਿਰੋਜ਼ਪੁਰ, ਆਲ ਇੰਡੀਆ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਸੂਬੇ ਦੇ ਸਾਰੇ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਜਿਸ ਤਹਿਤ ਅੱਜ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਅੱਗੇ ਵਰਕਰਾਂ ਤੇ ਹੈਲਪਰਾਂ ਨੇ ਅਪਣੀਆਂ ਮੰਗਾਂ ਸਬੰਧੀ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਤੇ ਇਹ ਭੁੱਖ ਹੜਤਾਲ 19 ਮਈ ਤਕ ਜਾਰੀ ਰਹੇਗੀ। ਮੰਤਰੀ ਦੇ ਘਰ ਅੱਗੇ ਇਕੱਠੀਆਂ ਹੋਈਆਂ ਵੱਡੀ ਗਿਣਤੀ ਵਿਚ ਵਰਕਰਾਂ ਤੇ ਹੈਲਪਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਥਾਲੀਆਂ ਖੜਕਾ ਕੇ ਸਰਕਾਰ ਨੂੰ ਇਹ ਕਹਿ ਦਿਤਾ ਕਿ ਜਿਹੜੀ ਤੁਸੀਂ ਕੁੰਭਕਰਨੀ ਵਾਲੀ ਨੀਂਦ ਸੌਂ ਰਹੇ ਹੋ ਅਸੀਂ ਥਾਲੀਆਂ ਖੜਾ ਕੇ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ ਹੈ।ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਖਿਆ ਕਿ ਜਥੇਬੰਦੀ ਵਲੋਂ ਪਿਛਲੇ ਕਰੀਬ 4 ਮਹੀਨਿਆਂ ਤੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਸਰਕਾਰ ਵਿਰੁਧ ਸੰਘਰਸ਼ ਚਲ ਰਿਹਾ ਹੈ। ਪਰ ਸਰਕਾਰ ਅੱਜ ਤਕ ਕੋਈ ਗੱਲ ਨਹੀਂ ਸੁਣ ਰਹੀ ਹੈ। ਸੂਬੇ ਦੀਆਂ 45 ਹਜ਼ਾਰ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ, ਪੈਟਰਨ ਤੇ ਮਾਣਭੱਤਾ ਦਿਤਾ ਜਾਵੇ, ਐਨਜੀਓ ਅਧੀਨ ਚਲ ਰਹੇ ਬਲਾਕਾਂ ਨੂੰ ਵਾਪਸ ਲਿਆ ਜਾਵੇ। 3 ਤੋਂ 6 ਸਾਲ ਦੇ ਬੱਚੇ ਸੈਂਟਰਾਂ ਵਿਚ ਵਾਪਸ ਕੀਤਾ ਜਾਵੇ। ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।
ਗੁਰਦਾਸਪੁਰ, (ਹਰਜੀਤ ਸਿੰਘ ਆਲਮ) : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਦੀਨਾਨਗਰ ਦੇ ਨਜ਼ਦੀਕ ਪਿੰਡ ਅਵਾਂਖਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਗ੍ਰਹਿ ਨੂੰ ਜਾਣ ਵਾਲੀ ਗਲੀ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਕੁਲਮੀਤ ਕੌਰ ਕਰਵਾਲੀਆਂ ਦੀ ਪ੍ਰਧਾਨਗੀ ਹੇਠ ਭੁੱਖ ਹੜਤਾਲ ਆਰੰਭ ਕਰ ਦਿੱਤੀ ਗਈ ਹੈ। ਯੂਨੀਅਨ ਵੱਲੋਂ ਇਹ ਭੁੱਖ ਹੜਤਾਲ ਮੰਤਰੀ ਅਰੁਣਾ ਚੌਧਰੀ ਦੀ ਕੋਠੀ ਮੂਹਰੇ ਰੱਖੀ ਜਾਣੀ ਸੀ। ਪਰ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਖਤ ਪ੍ਰਬੰਧਾਂ ਕਾਰਨ ਆਂਗਨਵਾੜੀ ਮੁਲਾਜ਼ਮਾਂ ਨੂੰ ਇਹ ਭੁੱਖ ਹੜਤਾਲ ਦੀਨਾਨਗਰ ਤੋਂ ਬਹਿਰਾਮਪੁਰ ਨੂੰ ਜਾਂਦੀ ਲਿੰਕ ਸੜਕ 'ਤੇ ਮੰਤਰੀ ਦੀ ਕੋਠੀ ਨੂੰ ਜਾਂਦੀ ਗਲੀ ਮੂਹਰੇ ਹੀ ਕਰਨੀ ਪਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਪਰ ਸਰਕਾਰ ਤੇ ਇਸਦਾ ਕੋਈ ਅਸਰ ਨਹੀਂ ਹੋ ਰਿਹਾ।ਜ਼ਿਲ੍ਹਾ ਪ੍ਰਧਾਨ ਕੁਲਮੀਤ ਕੌਰ ਕਰਵਾਲੀਆ ਨੇ ਕਿਹਾ ਕਿ ਜੇਕਰ 19 ਮਈ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਕੋਠੀ ਸਾਹਮਣੇ ਦਿਨ ਰਾਤ ਭੁੱਖ ਹੜਤਾਲ ਆਰੰਭ ਕਰ ਦਿਤੀ ਜਾਵੇਗੀ।

ਬੁਲਾਰਿਆਂ ਨੇ ਕਿਹਾ ਕਿ 19 ਮਈ ਤਕ ਇਸੇ ਤਰ੍ਹਾਂ ਵਰਕਰਾਂ ਤੇ ਹੈਲਪਰਾਂ ਦੇ ਖੂਨ ਨਾਲ ਲਿਖਿਆ ਨਵਾਂ ਮੰਗ ਪੱਤਰ ਸਰਕਾਰੀ ਨੁਮਾਇੰਦਿਆਂ ਨੂੰ ਰੋਜ਼ਾਨਾ ਦਿਤਾ ਜਾਵੇਗਾ। ਇਸ ਹੜਤਾਲ ਦੌਰਾਨ ਪਹੁੰਚੇ ਨਾਇਬ ਤਹਿਸੀਲਦਾਰ ਮਹਿੰਦਰਪਾਲ ਨੂੰ ਜਸਵੀਰ ਕੌਰ ਦਸੂਹਾ ਪੰਜਾਬ ਮੀਤ ਪ੍ਰਧਾਨ ਵੱਲੋਂ ਆਪਣੇ ਖੂਨ ਨਾਲ ਲਿਖਿਆ ਮੰਗ ਪੱਤਰ ਜ਼ਿਲ੍ਹਾ ਪ੍ਰਧਾਨ ਕੁਲਮੀਤ ਕੌਰ ਦੀ ਪ੍ਰਧਾਨਗੀ ਵਿਚ ਦਿਤਾ ਗਿਆ।ਐਸ.ਏ.ਐਸ. ਨਗਰ, (ਕੁਲਦੀਪ ਸਿੰਘ) ਪਹਿਲਾਂ ਦੋ ਵਾਰ ਹਲਕਾ ਵਿਧਾਇਕ ਅਤੇ ਹੁਣ ਮੰਤਰੀ ਬਣੇ ਮੋਹਾਲੀ ਦੇ ਬਲਬੀਰ ਸਿੰਘ ਸਿੱਧੂ ਦੇ ਘਰ ਅੱਗੇ ਧਰਨਾ ਦੇਣ ਉਪਰੰਤ ਅੱਜ ਆਂਗਨਵਾੜੀ ਮੁਲਾਜ਼ਮ ਯੂਨੀਅਨ ਰਜਿ. ਦੇ ਮੈਂਬਰਾਂ ਨੇ ਮੁੜ ਮੰਤਰੀ ਦੇ ਘਰ ਅੱਗੇ ਧਰਨਾ ਦਿਤਾ। ਇਸ ਦੌਰਾਨ ਇਨ੍ਹਾਂ ਕਾਮਿਆਂ ਨੇ ਆਪਣੇ ਖੂਨ ਦੇ ਨਾਲ ਲਿਖਿਆ ਹੋਇਆ ਮੰਗ ਪੱਤਰ ਵੀ ਮੰਤਰੀ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣ ਲਈ ਮੰਤਰੀ ਦੇ ਪੁੱਤਰ ਨੂੰ ਸੌਂਪਿਆ। ਇਸ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਨੇ ਕੀਤੀ।ਖੂਨ ਦੀ ਬਣਾਈ ਸਿਆਹੀ : ਆਪਣੇ ਖੂਨ ਦੀ ਸਿਆਹੀ ਬਣਾ ਕੇ ਲਿਖੇ ਇਸ ਮੰਗ ਪੱਤਰ ਵਿਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਵਿਚ ਵਾਧੇ ਸਮੇਤ ਹੋਰ ਮੰਗਾਂ ਕੀਤੀਆਂ ਗਈਆਂ ਹਨ। ਮੰਗ ਪੱਤਰ ਵਿਚ ਆਂਗਨਵਾੜੀ ਆਗੂਆਂ ਨੇ ਲਿਖਿਆ ਹੈ ਕਿ ਆਂਗਨਵਾੜੀ ਮੁਲਾਜ਼ਮ ਯੂਨੀਅਨ ਪਿਛਲੇ ਲੰਮੇਂ ਸਮੇਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦੇ ਰਾਹ 'ਤੇ ਹਨ ਪਰੰਤੂ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ 'ਤੇ ਮਾਣ ਭੱਤਾ ਦਿਤਾ ਜਾਵੇ, ਪੈਨਸ਼ਨ ਅਤੇ ਗਰੈਚੁਟੀ ਦੇ ਸਾਰੇ ਲਾਭ ਦਿਤੇ ਜਾਣ, ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕੀਤੇ 3 ਤੋਂ 5 ਸਾਲ ਦੇ ਬੱਚੇ ਵਾਪਸ ਆਂਗਨਵਾੜੀ ਸੈਂਟਰਾਂ ਵਿਚ ਭੇਜੇ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।