ਸੈਂਟਰਲ ਜੇਲ ਲੁਧਿਆਣਾ 'ਚੋਂ ਸੁਰੱਖਿਆ ਪ੍ਰਬੰਧਾਂ ਨੂੰ ਅੰਗੂਠਾ ਵਿਖਾਉਂਦੇ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਜ਼ਦੀਕੀ ਪਿੰਡ ਰਸੂਲੜਾ ਸਥਿਤ ਆਧਰਾ ਬੈਂਕ ਦੀ ਬ੍ਰਾਚ 'ਚ ਬੀਤੀ 22 ਫਰਵਰੀ ਦੀ ਰਾਤ ਨੂੰ ਪਾੜ ਲਾ ਕੇ ਅੰਦਰੋ ਲਾਕਰ ਵਿੱਚੋਂ 12 ਤੋਲੇ ਸੋਨੇ ਦੇ ਗਹਿਣੇ ਅਤੇ ਸਕਿਉਰਟੀ ...

Central Jail Ludhiana

ਖੰਨਾ: ਨਜ਼ਦੀਕੀ ਪਿੰਡ ਰਸੂਲੜਾ ਸਥਿਤ ਆਧਰਾ ਬੈਂਕ ਦੀ ਬ੍ਰਾਚ 'ਚ ਬੀਤੀ 22 ਫਰਵਰੀ ਦੀ ਰਾਤ ਨੂੰ ਪਾੜ ਲਾ ਕੇ ਅੰਦਰੋ ਲਾਕਰ ਵਿੱਚੋਂ 12 ਤੋਲੇ ਸੋਨੇ ਦੇ ਗਹਿਣੇ ਅਤੇ ਸਕਿਉਰਟੀ ਗਾਰਡ ਦੀ ਰਾਈਫਲ ਚੋਰੀ ਕਰਨ ਦੇ ਮਾਮਲੇ ਸਬੰਧੀ ਸੈਂਟਰਲ ਜੇਲ ਲੁਧਿਆਣਾ 'ਚ ਬੰਦ ਨਜ਼ਦੀਕੀ ਪਿੰਡ ਰਤਨਪਾਲੋ ਦੇ ਦੋ ਸਕੇ ਭਰਾ ਜਸਵੀਰ ਸਿੰਘ ਅਤੇ ਹਰਵਿੰਦਰ ਸਿੰਘ ਜੇਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਅੰਗੂਠਾ ਵਿਖਾਉਂਦੇ ਹੋਏ ਜੇਲ 'ਚੋ ਫ਼ਰਾਰ ਹੋ ਗਏ। ਦੋਵਾਂ ਭਰਾਵਾਂ ਵਲੋਂ ਜੇਲ 'ਚੋਂ ਫ਼ਰਾਰ ਹੋਣ ਦੇ ਬਾਅਦ ਖੰਨਾ ਪੁਲਿਸ 'ਚ ਹੜਕੰਪ ਮਚ ਗਿਆ। ਪੁਲਿਸ ਦੋਵਾਂ ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਪਿੰਡ ਰਤਨਪਾਲੋ ਤੋਂ ਇਲਾਵਾ ਹੋਰਨਾਂ ਇਲਾਕਿਆਂ 'ਚ ਲਗਾਤਾਰ ਰੇਡਾਂ ਕਰ ਰਹੀ ਹੈ, ਪ੍ਰੰਤੂ ਹਾਲੇ ਤਕ ਪੁਲਿਸ ਦੇ ਹੱਥ ਖਾਲੀ ਹਨ।ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਜੇਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਸੰਬੰਧੀ ਕੇਂਦਰੀ ਸੁਰੱਖਿਆ ਬਲ ਸੀ.ਆਈ.ਐਸ.ਐਫ ਦੀ ਤਾਇਨਾਤੀ ਕਰਨ ਦਾ ਫ਼ੈਸਲਾ ਲੈਂਦਿਆਂ ਜੇਲਾਂ ਦੀ ਸੁਰੱਖਿਆ ਸਖ਼ਤ ਕੀਤੀ ਗਈ ਸੀ। ਪਰ ਚੋਰੀਆਂ ਅਤੇ ਨਸ਼ਾ ਤਸਕਰੀ ਕਰਨ ਦੇ ਦੋਸ਼ਾਂ 'ਚ ਫੜੇ ਗਏ ਦੋਵੇਂ ਭਰਾ ਬਹੁਤ ਹੀ ਨਾਟਕੀ ਅੰਦਾਜ਼ 'ਚ ਜੇਲ ਦੀਆ ਉਚੀਆਂ ਦੀਵਾਰਾਂ ਨੂੰ ਟੱਪ ਕੇ ਫ਼ਰਾਰ ਹੋ ਗਏ ਅਤੇ ਜੇਲ ਗਾਰਦ ਨੂੰ ਕੈਦੀਆਂ ਦੇ ਫ਼ਰਾਰ ਹੋਣ ਦੀ ਭਿਣਕ ਤਕ ਨਹੀਂ ਲੱਗੀ।

ਜਾਣਕਾਰੀ ਦੇ ਮੁਤਾਬਕ ਜੇਲ ਵਿਚੋਂ ਦੋਵੇਂ ਭਰਾਵਾਂ ਦੇ ਫ਼ਰਾਰ ਹੋਣ ਦੀ ਜੇਲ ਪ੍ਰਸ਼ਾਸਨ ਤੋਂ ਸੂਚਨਾ ਮਿਲਣ ਦੇ ਬਾਅਦ ਖੰਨਾ ਪੁਲਿਸ ਦੀਆਂ ਟੀਮਾਂ ਨੇ ਫ਼ਰਾਰ ਹੋਏ ਕੈਦੀਆਂ ਜਸਵੀਰ ਸਿੰਘ ਅਤੇ ਹਰਵਿੰਦਰ ਸਿੰਘ ਦੇ ਘਰ ਪਿੰਡ ਰਤਨਪਾਲੋ ਰੇਡ ਕੀਤੀ ਅਤੇ ਘਰ ਦੀ ਬਾਰੀਕੀ ਦੇ ਨਾਲ ਤਲਾਸ਼ੀ ਲਈ ਗਈ। ਹਾਲਾਂਕਿ ਘਰ ਵਿਚ ਸੰਦੀਪ ਕੌਰ ਨਾਮਕ ਇਕੱਲੀ ਮਹਿਲਾ ਤੋਂ ਇਲਾਵਾ ਪੁਲਿਸ ਨੂੰ ਕੁਝ ਨਹੀਂ ਮਿਲਿਆ। ਪੁਲਿਸ ਟੀਮ ਸੰਦੀਪ ਕੌਰ ਤੋਂ ਪੁਛਗਿਛ ਕਰਨ ਮਗਰੋਂ ਚਲੀ ਗਈ। ਜਾਣਕਾਰੀ ਦੇ ਮੁਤਾਬਕ ਆਧਰਾ ਬੈਂਕ 'ਚ ਪਾੜ ਲਗਾਉਣ ਦੇ ਮਾਮਲੇ ਸੰਬੰਧੀ ਖੰਨਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਜਸਵੀਰ ਸਿੰਘ ਅਤੇ ਹਰਵਿੰਦਰ ਸਿੰਘ ਨਜ਼ਦੀਕੀ ਪਿੰਡ ਰਤਨਪਾਲੋ ਚ ਆਉਣ ਤੋਂ ਪਹਿਲਾਂ ਹਰਿਆਣਾ 'ਚ ਰਹਿੰਦੇ ਸਨ। ਉਨ੍ਹਾਂ ਦੇ ਪਿਤਾ ਦੀ ਮੌਤ ਹੋ ਜਾਣ ਬਾਦ ਪੂਰਾ ਪਰਿਵਾਰ ਹਰਿਆਣਾ ਵਿਚਲੀ ਪੰਜ ਏਕੜ ਜ਼ਮੀਨ ਵੇਚਣ ਕੇ ਪਿੰਡ ਰਤਨਪਾਲੋ ਆ ਕੇ ਰਹਿਣ ਲੱਗ ਪਏ ਸਨ। ਕਥਿਤ ਦੋਸ਼ੀ ਦੀ ਭਰਜਾਈ ਸੰਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰੀਬ ਸੱਤ ਸਾਲ ਪਹਿਲਾਂ ਹਰਿਆਣਾ 'ਚ ਅਪਣੀ ਜ਼ਮੀਨ ਵੇਚਣ ਦੇ ਬਾਦ ਰਤਨਪਾਲੋ ਆ ਕੇ ਰਹਿਣਾ ਸ਼ੁਰੂ ਕੀਤਾ ਸੀ। ਦੋਵਾਂ ਭਰਾਵਾਂ ਨੇ ਜ਼ੁਰਮ ਦੀ ਦਲ ਦਲ 'ਚੋਂ ਕਦੋ ਪੈਰ ਪਾਇਆ ਪਰਵਾਰ ਨੂੰ ਇਸ ਸਬੰਧ ਚ ਕੁਝ ਵੀ ਜਾਣਕਾਰੀ ਨਹੀਂ ਹੈ। ਉਸਨੂੰ ਦੋਵਾਂ ਭਰਾਵਾਂ ਵੱਲ ਜੇਲ 'ਚੋਂ ਫ਼ਰਾਰ ਹੋਣ ਸਬੰਧੀ ਵੀ ਪਤਾ ਨਹੀਂ ਲੱਗਿਆ ਹੈ। ਇਸ ਸਬੰਧ 'ਚ ਪੁਲਿਸ ਵਲੋਂ ਦੱਸੇ ਜਾਣ ਬਾਦ ਹੀ ਪਤਾ ਲੱਗ ਸਕਿਆ ਹੈ।