ਸੁਨੀਲ ਜਾਖੜ ਬਨਾਮ ਸੰਨੀ ਦਿਓਲ ਦੀ ਚੋਣ ਜੰਗ 'ਚ ਕਰਤਾਰਪੁਰ ਲਾਂਘਾ ਅਹਿਮ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮੀਦਵਾਰ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਏਗਾ ਕਰਤਾਰਪੁਰ ਲਾਂਘਾ!

Sunny Deol And Sunil Jakhar

ਚੰਡੀਗੜ੍ਹ- ਪੰਜਾਬ ਦੀ ਗੁਰਦਾਸਪੁਰ ਸੀਟ ਨੂੰ ਜਿੱਤਣ ਲਈ ਦੋਵੇਂ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਭਾਵੇਂ ਕਿ ਚੋਣਾਂ ਤੋਂ ਪਹਿਲਾਂ ਵਿਜੇਤਾ ਦੀ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਇਸ ਸੀਟ ਦੀ ਜਿੱਤ ਦਾ ਰਸਤਾ ਕਰਤਾਰਪੁਰ ਲਾਂਘੇ ਤੋਂ ਹੋ ਕੇ ਜਾਂਦਾ ਹੈ ਕਿਉਂਕਿ ਕੌਮਾਂਤਰੀ ਸਰਹੱਦ ਤੋਂ ਮਹਿਜ਼ ਪੰਜ ਕਿਲੋਮੀਟਰ ਦੂਰ ਪਾਕਿਸਤਾਨ ਵਿਚ ਸਥਿਤ ਸਿੱਖਾਂ ਦੇ ਪਵਿੱਤਰ ਅਸਥਾਨ ਤਕ ਜਾਣ ਦੇ ਰਸਤੇ ਨੂੰ ਖੋਲ੍ਹਣ ਦੇ ਸਿਹਰੇ ਨੂੰ ਲੈ ਕੇ ਸੂਬੇ ਵਿਚ ਇਕ ਮੁਕਾਬਲਾ ਜਿਹਾ ਚੱਲ ਰਿਹਾ ਅਤੇ ਇਹ ਇਲਾਕਾ ਗੁਰਦਾਸਪੁਰ ਹਲਕੇ ਵਿਚ ਹੀ ਪੈਂਦਾ ਹੈ।

ਸਰਹੱਦ 'ਤੇ ਸਥਿਤ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਸਾਫ਼ ਜ਼ਾਹਰ ਹੁੰਦਾ ਹੈ। ਲੋਕ ਨਵੰਬਰ ਤਕ ਤਿਆਰ ਹੋਣ ਜਾ ਰਹੇ ਇਸ ਲਾਂਘੇ ਦੇ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਲਾਂਘੇ ਦਾ ਨੀਂਹ ਪੱਥਰ ਭਾਵੇਂ ਪਿਛਲੇ ਸਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਰੱਖਿਆ ਸੀ ਪਰ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦੇ ਆਸਪਾਸ ਰਹਿਣ ਵਾਲੇ ਲੋਕਾਂ ਦੀ ਰਾਇ ਇਸ ਮਾਮਲੇ ਵਿਚ ਵੰਡੀ ਹੋਈ ਹੈ ਕਿਉਂਕਿ ਜ਼ਿਆਦਾਤਰ ਲੋਕ ਇਸ ਲਾਂਘੇ ਦਾ ਸਿਹਰਾ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਸਿਰ ਸਜਾਉਂਦੇ ਹਨ।

ਕਿਉਂਕਿ ਸਿੱਧੂ ਦੇ ਪਾਕਿਸਤਾਨ ਜਾਣ ਤੋਂ ਬਾਅਦ ਹੀ ਇਹ ਮੁੱਦਾ ਚਰਚਾ ਵਿਚ ਆਇਆ ਸੀ ਅਤੇ ਪਾਕਿਸਤਾਨ ਨੇ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਸੀ। ਅਕਾਲੀ ਦਲ ਦੇ ਨਾਲ-ਨਾਲ ਭਾਜਪਾ ਵੀ ਭਾਵੇਂ ਕਰਤਾਰਪੁਰ ਲਾਂਘੇ ਦਾ ਲਾਹਾ ਲੈਣ ਦੀ ਹੋੜ ਵਿਚ ਲੱਗੀ ਹੋਈ ਹੈ ਪਰ ਅਫ਼ਸੋਸ ਕਿ ਉਸ ਨੇ ਜਿਸ ਉਮੀਦਵਾਰ ਨੂੰ ਇਸ ਖੇਤਰ ਤੋਂ ਖੜ੍ਹਾ ਕੀਤਾ ਹੋਇਆ ਉਸ ਨੂੰ ਕਰਤਾਰਪੁਰ ਲਾਂਘੇ ਬਾਰੇ ਜਾਣਕਾਰੀ ਹੀ ਨਹੀਂ ਹੈ ਬਲਕਿ ਜਦੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਕਰਤਾਰਪੁਰ ਲਾਂਘੇ ਸਬੰਧੀ ਪੱਤਰਕਾਰਾਂ ਨੇ ਸਵਾਲ ਕੀਤੇ ਤਾਂ ਉਹ ਪੱਤਰਕਾਰਾਂ 'ਤੇ ਹੀ ਭੜਕ ਗਏ ਸਨ।

ਦਰਅਸਲ ਸੰਨੀ ਦਿਓਲ ਆਪਣੀ ਸਟਾਰ ਛਵ੍ਹੀ ਅਤੇ ਪੀਐਮ ਮੋਦੀ ਦੇ ਸਹਾਰੇ ਹੀ ਚੋਣ ਮੈਦਾਨ ਵਿਚ ਹਨ। ਜਦਕਿ ਕਾਂਗਰਸ ਦੇ ਸੁਨੀਲ ਜਾਖੜ ਜੋ ਪਹਿਲਾਂ ਵੀ ਇਸ ਖੇਤਰ ਤੋਂ ਸਾਂਸਦ ਹਨ। ਆਪਣੇ ਵਲੋਂ ਕਰਵਾਏ ਕੰਮਾਂ ਨੂੰ ਲੈ ਕੇ ਜਨਤਾ ਵਿਚਕਾਰ ਜਾ ਰਹੇ ਹਨ ਉਂਝ ਇਸ ਖੇਤਰ ਦੇ ਜ਼ਿਆਦਾਤਰ ਲੋਕਾਂ ਵਲੋਂ ਨਵਜੋਤ ਸਿੱਧੂ ਨੂੰ ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਦਿੱਤਾ ਜਾ ਰਿਹਾ ਹੈ ਅਤੇ ਸਿੱਧੂ ਕਾਂਗਰਸੀ ਹਨ। 

ਬੀਤੇ ਦਿਨ ਉਹ ਪ੍ਰਿਯੰਕਾ ਗਾਂਧੀ ਦੇ ਨਾਲ ਇਸ ਖੇਤਰ ਵਿਚ ਜਾਖੜ ਦਾ ਪ੍ਰਚਾਰ ਵੀ ਚੁੱਕੇ ਹਨ। ਖ਼ੈਰ ਭਾਜਪਾ ਅਤੇ ਕਾਂਗਰਸ ਵਿਚੋਂ ਜੋ ਵੀ ਜਨਤਾ ਨੂੰ ਇਹ ਸਮਝਾਉਣ ਵਿਚ ਸਫ਼ਲ ਰਹੇਗਾ ਕਿ ਕਰਤਾਰਪੁਰ ਲਾਂਘਾ ਉਨ੍ਹਾਂ ਦੇ ਯਤਨ ਨਾਲ ਬਣਿਆ ਹੈ। ਉਹ ਗੁਰਦਾਸਪੁਰ ਦੇ ਚੋਣ ਨਤੀਜਿਆਂ ਵਿਚ ਬਦਲਾਅ ਲਿਆ ਸਕਦਾ ਹੈ ਕਿਉਂਕਿ ਇਲਾਕੇ ਦੇ ਲੋਕਾਂ ਦੀ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕਾਂ ਦੀ ਅਥਾਹ ਸ਼ਰਧਾ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਨਾਲ ਜੁੜੀ ਹੋਈ ਹੈ।