ਡੇਂਗੂ ਰੋਕਥਾਮ ਦਿਵਸ ਮੌਕੇ ਜ਼ਿਲ੍ਹਾ ਭਰ ਵਿਚ ਜਾਗਰੂਕਤਾ ਸਰਗਰਮੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਂਗੂ ਰੋਕਥਾਮ ਦਿਵਸ ਮੌਕੇ ਜ਼ਿਲ੍ਹਾ ਭਰ ਵਿਚ ਜਾਗਰੂਕਤਾ ਸਰਗਰਮੀਆਂ

ਜਾਗਰੂਕਤਾ ਵੈਨ ਰਵਾਨਾ ਕਰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਅਤੇ ਹੋਰ ਸਿਹਤ ਅਧਿਕਾਰੀ।

ਐਸ.ਏ.ਐਸ. ਨਗਰ, 15 ਮਈ (ਸੁਖਦੀਪ ਸਿੰਘ ਸੋਈਂ): ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦੇਸ਼ ਵਿਚ ਹਰ ਸਾਲ ਹਜ਼ਾਰਾਂ ਜਾਨਾਂ ਲੈ ਲੈਂਦਾ ਹੈ। ਇਸ ਜਾਨਲੇਵਾ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਸਾਨੂੰ ਅਪਣੇ ਘਰ ਵਿਚ ਅਤੇ ਆਲੇ ਦੁਆਲੇ ਕੁੱਝ ਸਾਵਧਾਨੀਆਂ ਵਰਤਣ ਦੀ ਲੋੜ ਹੇ। ਇਹ ਗੱਲ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਹਰ ਸਾਲ 16 ਮਈ ਨੂੰ ਮਨਾਏ ਜਾਂਦੇ ਕੌਮੀ ਡੇਂਗੂ ਰੋਕਥਾਮ ਦਿਵਸ ਦੇ ਸਨਮੁਖ ਆਖੀ।

ਡਾ. ਮਨਜੀਤ ਸਿੰਘ ਨੇ ਕਿਹਾ ਕਿ ਹਰ ਸ਼ੁੱਕਰਵਾਰ ਨੂੰ 'ਡਰਾਈ ਡੇਅ' ਵਜੋਂ ਮਨਾਇਆ ਜਾਂਦਾ ਹੈ ਜਿਸ ਕਾਰਨ ਜ਼ਿਲ੍ਹੇ ਭਰ ਦੀਆਂ ਸਿਹਤ ਸੰਸਥਾਵਾਂ 'ਚ ਸ਼ੁੱਕਰਵਾਰ ਨੂੰ ਡੇਂਗੂ ਰੋਕਥਾਮ ਦਿਵਸ ਮਨਾਇਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ।

ਸਿਹਤ ਵਰਕਰਾਂ ਨੇ ਘਰਾਂ ਵਿਚ ਜਾ ਕੇ ਜਿਥੇ ਕੂਲਰ, ਗਮਲੇ, ਟੈਂਕੀਆਂ ਅਤੇ ਹੋਰ ਚੀਜ਼ਾਂ ਚੈਕ ਕੀਤੀਆਂ, ਉਥੇ ਲੋਕਾਂ ਨੂੰ ਇਸ ਬੀਮਾਰੀ ਦੇ ਕਾਰਨਾਂ, ਬਚਾਅ, ਲੱਛਣਾਂ ਅਤੇ ਇਲਾਜ ਬਾਬਤ ਵੀ ਸਮਝਾਇਆ। ਇਸ ਮੌਕੇ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਨੇ ਇਸ ਬੀਮਾਰੀ ਬਾਬਤ ਲੋਕਾਂ ਨੂੰ ਜਾਗਰੂਕਤਾ ਦਾ ਹੋਕਾ ਦੇਣ ਲਈ ਵੈਨ ਰਵਾਨਾ ਕੀਤੀ।

ਡਾ. ਜੈਨ ਨੇ ਕਿਹਾ ਕਿ 'ਕੋਰੋਨਾ ਵਾਇਰਸ' ਮਹਾਮਾਰੀ ਦੇ ਚਾਲੂ ਦੌਰ ਵਿਚ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਤੋਂ ਵੀ ਬਚਣ ਦੀ ਅਤਿਅੰਤ ਲੋੜ ਹੈ ਕਿਉਂਕਿ ਗਰਮੀ ਦੇ ਮੌਸਮ ਵਿਚ ਕੂਲਰ ਆਦਿ ਚੱਲਣ ਨਾਲ ਇਸ ਜਾਨਲੇਵਾ ਮੱਛਰ ਦੇ ਪੈਦਾ ਹੋਣ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ ਹੈ।

ਬਚਾਅ ਲਈ ਕੀ ਕੀਤਾ ਜਾਵੇ : ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਂਦਾ ਹੁੰਦਾ ਹੈ। ਕਿਸੇ ਵੀ ਜਗ੍ਹਾ ਪਾਣੀ ਖੜਾ ਨਾ ਹੋਣ ਦਿਤਾ ਜਾਵੇ। ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਫ਼ਰਿੱਜਾਂ ਦੀਆਂ ਟਰੇਆਂ, ਕੂਲਰਾਂ ਆਦਿ ਨੂੰ ਖ਼ਾਲੀ ਕਰ ਕੇ ਸੁਕਾਉ। ਘਰਾਂ ਦੇ ਆਲੇ-ਦੁਆਲੇ  ਫੁੱਲਾਂ ਦੇ ਗਮਲਿਆਂ, ਟੁੱਟੇ ਭੱਜੇ ਭਾਂਡਿਆਂ ਅਤੇ ਕਿਸੇ ਵੀ ਥਾਂ ਪਾਣੀ  ਖੜਾ ਨਾ ਹੋਣ ਦਿਉ।

ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰਖਿਆ ਜਾਵੇ। ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਵਿਚ ਕਈ ਕਈ ਦਿਨ ਪੁਰਾਣਾ ਪਾਣੀ ਖੜਾ ਨਾ ਹੋਵੇ। ਕੂਲਰ ਚਾਲੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੁਕਾਏ ਜਾਣ। ਅਜਿਹੇ ਕਪੜੇ ਪਾਏ ਜਾਣ ਜਿਨ੍ਹਾਂ ਨਾਲ ਪੂਰਾ ਸਰੀਰ ਖ਼ਾਸਕਰ ਬਾਹਾਂ ਅਤੇ ਲੱਤਾਂ ਢਕੀਆਂ ਰਹਿਣ।
ਡੇਂਗੂ ਬੁਖ਼ਾਰ ਦੇ ਲੱਛਣ : ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ।

ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ 'ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ, ਪਾਣੀ ਦੀਆਂ ਟੈਕੀਆਂ, ਫੁੱਲਾਂ ਦੇ ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ ਵਿਚ।