ਜ਼ਿਲ੍ਹਾ ਹੋਇਆ ਕੋਰੋਨਾ ਮੁਕਤ, ਸਿਹਤਮੰਦ ਹੋਣ 'ਤੇ ਸਾਰੇ ਮਰੀਜ਼ਾਂ ਨੂੰ ਮਿਲੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਹੋਇਆ ਕੋਰੋਨਾ ਮੁਕਤ, ਸਿਹਤਮੰਦ ਹੋਣ 'ਤੇ ਸਾਰੇ ਮਰੀਜ਼ਾਂ ਨੂੰ ਮਿਲੀ ਛੁੱਟੀ

ਆਈਸੋਲੇਸ਼ਨ ਵਾਰਡ 'ਚੋਂ ਕੋਰੋਨਾ ਤੋਂ ਠੀਕ ਹੋਣ ਛੁੱਟੀ ਦਿਤੇ ਜਾਣ ਮੌਕੇ ਡੀ.ਸੀ.।

ਫ਼ਿਰੋਜਪੁਰ, 16 ਮਈ (ਜਗਵੰਤ ਸਿੰਘ ਮੱਲ੍ਹੀ): ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਜ਼ਿਲ੍ਹੇ ਲਈ ਰਾਹਤ ਭਰੀ ਖ਼ਬਰ ਆਈ ਹੈ, ਕਿ ਫ਼ਿਰੋਜ਼ਪੁਰ ਜ਼ਿਲ੍ਹਾ ਇਕ ਵਾਰ ਫਿਰ ਕੋਰੋਨਾ ਮੁਕਤ ਹੋ ਗਿਆ ਹੈ। ਸਨਿਚਰਵਾਰ ਨੂੰ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਬਾਕੀ ਦੇ 3 ਮਰੀਜ਼ਾ ਨੂੰ ਵੀ ਛੁੱਟੀ ਦੇ ਕੇ ਘਰੋ ਘਰੀਂ ਭੇਜ ਦਿਤਾ ਗਿਆ ਹੈ। ਜਦਕਿ ਸ਼ੁਕਰਵਾਰ ਨੂੰ ਨੈਗੇਟਿਵ ਰੀਪੋਰਟ ਆਉਣ 'ਤੇ 39 ਮਰੀਜ਼ਾਂ ਨੂੰ ਛੁੱਟੀ ਦੇ ਦਿਤੀ ਗਈ ਸੀ। ਹਸਪਤਾਲ ਵਿਚ ਕੁੱਲ 42 ਐਕਟਿਵ ਮਰੀਜ਼ ਸਨ ਜੋ ਹੁਣ ਸਿਹਤਮੰਦ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਆਈਏਐੱਸ, ਸਿਵਲ ਸਰਜਨ ਡਾਕਟਰ ਸਰਦਾਰ ਨਵਦੀਪ ਸਿੰਘ ਅਤੇ ਐਸਐਮਓ ਡਾਕਟਰ ਅਵਿਨਾਸ਼ ਜਿੰਦਲ ਦੀ ਮੌਜੂਦਗੀ ਵਿਚ ਬਾਕੀ ਤਿੰਨਾਂ ਲੋਕਾਂ 'ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਭੇਜ ਦਿਤਾ ਗਿਆ ਹੈ।

ਆਈਸੋਲੇਸ਼ਨ ਵਾਰਡ 'ਚੋਂ ਕੋਰੋਨਾ ਤੋਂ ਠੀਕ ਹੋਣ ਛੁੱਟੀ ਦਿਤੇ ਜਾਣ ਮੌਕੇ ਡੀ.ਸੀ.।


ਹਸਪਤਾਲ ਵਿਚ ਮੌਜੂਦ ਸਟਾਫ਼ ਨੇ ਤਾੜੀਆਂ ਵਜਾ ਕੇ ਘਰ ਜਾ ਰਹੇ ਲੋਕਾਂ ਦਾ ਸਨਮਾਨ ਕੀਤਾ ਅਤੇ ਮਿਠਿਆਈ ਵੰਡੀ। ਸਿਵਲ ਹਸਪਤਾਲ ਦੀ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਘਰ ਭੇਜਿਆ ਗਿਆ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਹ ਕਾਫ਼ੀ ਰਾਹਤ ਭਰੀ ਖ਼ਬਰ ਹੈ ਕਿ ਹੁਣ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਇਕ ਵੀ ਐਕਟਿਵ ਕੇਸ ਨਹੀਂ ਹੈ। ਸਾਰੇ ਲੋਕ ਡਿਸਚਾਰਜ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਿਹਾ ਜਾ ਸਕਦਾ ਹੈ। ਹੁਣ ਨਾ ਤਾਂ ਆਈਸੋਲੇਸ਼ਨ ਵਾਰਡ ਵਿਚ ਅਤੇ ਨਾ ਹੀ ਕੁਆਰੰਟਾਈਨ ਸੈਂਟਰਾਂ ਵਿਚ ਕੋਈ ਵਿਅਕਤੀ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਤੋਂ ਡਿਸਚਾਰਜ ਹੋਏ ਸਾਰੇ ਵਿਅਕਤੀ ਇਕ ਹਫ਼ਤਾ ਘਰਾਂ 'ਚ ਇਕਾਤਵਾਸ ਰਹਿਣਗੇ ਅਤੇ ਕਿਸੇ ਦੇ ਵੀ ਸੰਪਰਕ ਵਿਚ ਨਹੀਂ ਆਉਣਗੇ। ਉਨ੍ਹਾਂ ਨੂੰ ਘਰ ਵਿਚ ਬਿਲਕੁਲ ਵੱਖਰਾ ਰਹਿਣਾ ਪਵੇਗਾ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕਰਨੀ ਹੋਵੇਗੀ।


ਸਾਰਿਆਂ ਦੇ ਮੋਬਾਈਲ ਵਿਚ ਕੋਵਾ ਐਪ ਡਾਊਨਲੋਡ ਕਰਵਾਈ ਗਈ ਹੈ, ਜਿਸ ਰਾਹੀਂ  ਰੋਜ਼ਾਨਾ ਸਿਹਤ ਦੀ ਜਾਣਕਾਰੀ ਦੇਣੀ ਹੋਵੇਗੀ। ਜੀਪੀਐਸ ਰਾਹੀਂ ਵੀ ਠੀਕ ਹੋ ਕੇ ਘਰ ਗਏ ਲੋਕਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਸਿਵਲ ਸਰਜਨ ਡਾਕਟਰ ਨਵਦੀਪ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੁਲ 1698 ਲੋਕਾਂ ਦੇ ਸੈਂਪਲ ਕੋਰੋਨਾ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿਚੋਂ 1603 ਦੀ ਰੀਪੋਰਟ ਨੈਗੇਟਿਵ ਆ ਚੁੱਕੀ ਹੈ। ਜਦਕਿ 44 ਪਾਜ਼ੇਟਿਵ ਕੇਸਾਂ 'ਚੋਂ ਇਕ ਪਹਿਲਾਂ ਅਤੇ 42 ਹੋਰ ਮਰੀਜ਼ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲ ਵਿਚੋਂ ਡਿਸਚਾਰਜ ਹੋ ਕੇ ਘਰ ਜਾ ਚੁੱਕੇ ਹਨ। ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਹੁਣ ਸਿਰਫ਼ 29 ਲੋਕਾਂ ਦੇ ਸੈਂਪਲਾਂ ਦੀ ਰੀਪੋਰਟ ਲੈਬ ਵਿਚ ਪੈਂਡਿੰਗ ਹੈ।