ਗੁਰਦਾਸ ਸਿੰਘ ਬਾਦਲ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਨੇ ਦਿਤਾ ਅਰਥੀ ਨੂੰ ਮੋਢਾ

File Photo

ਬਠਿੰਡਾ, 15 ਮਈ (ਸੁਖਜਿੰਦਰ ਮਾਨ) : ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬੀਤੀ ਰਾਤ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸ. ਬਾਦਲ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਦਾਖ਼ਲ ਸਨ, ਜਿਥੇ ਰਾਤ ਸਾਢੇ 11 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ।

ਗੁਰਦਾਸ ਸਿੰਘ ਬਾਦਲ ਉਪਰ ਦਾਸ ਜੀ ਦਾ ਅੱਜ ਅੰਤਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕਰ ਦਿਤਾ ਗਿਆ। ਵੱਡੀ ਗੱਲ ਇਹ ਵੀ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਵਿਤ ਮੰਤਰੀ ਸ. ਬਾਦਲ ਦੀ ਮਾਤਾ ਹਰਮਿੰਦਰ ਕੌਰ ਵੀ ਸਵਰਗ ਸੁਧਾਰ ਗਏ ਸਨ, ਜਿਸਦੇ ਚਲਦੇ ਇਹ ਉਨ੍ਹਾਂ ਨੂੰ ਲਈ ਦੋ ਮਹੀਨਿਆਂ ਵਿਚ ਦੂਹਰਾ ਸਦਮਾ ਹੈ। ਕਰੀਬ 90 ਸਾਲਾਂ ਗੁਰਦਾਸ ਸਿੰਘ ਬਾਦਲ ਦੇ ਅੰਤਮ ਸੰਸਕਾਰ ਸਮੇਂ ਹੋਰਨਾਂ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਭਰਾਤਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ।

ਸ਼ਮਸ਼ਾਨਘਾਟ ਵਿਚ ਪੰਜਾਬ ਦੇ ਅੱਧੀ ਦਰਜਨ ਵਜ਼ੀਰਾਂ, ਕਈ ਐਮ.ਪੀਜ਼ ਤੇ ਐਮ.ਐਲ.ਏਜ਼ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀਆਂ ਸਹਿਤ ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਰਿਸ਼ਤੇਦਾਰਾਂ ਨੇ ਗੁਰਦਾਸ ਬਾਦਲ ਨੂੰ ਅੰਤਮ ਵਿਦਾਈ ਦਿਤੀ।
ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸ਼ਾਮ ਸੁੰਦਰ ਅਰੋੜਾ, ਵਿਜੇਇੰਦਰ ਸਿੰਗਲਾ ਤੋਂ ਇਲਾਵਾ ਐਮ.ਪੀ ਜਸਬੀਰ ਸਿੰਘ ਡਿੰਪਾ, ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ,

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਵਿਧਾਇਕ ਅੰਗਦ ਸਿੰਘ, ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸਿੰਘ ਸੰਧੂ, ਬਠਿੰਡਾ ਦੇ ਆਗੂ ਕੇ.ਕੇ. ਅਗਰਵਾਲ, ਅਰੁਣ ਵਧਾਵਨ, ਟਹਿਲ ਸਿੰਘ ਸੰਧੂ, ਪਵਨ ਮਾਨੀ, ਮੋਹਨ ਲਾਲ ਝੁੰਬਾ, ਰਾਜਨ ਗਰਗ, ਰਾਜ ਨੰਬਰਦਾਰ, ਬਲਜਿੰਦਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਬਾਹੀਆ, ਟਹਿਲ ਸਿੰਘ ਬੁੱਟਰ, ਮਾਸਟਰ ਹਰਮਿੰਦਰ ਸਿੰਘ ਸਿੱਧੂ, ਹਰਪਾਲ ਸਿੰਘ ਬਾਜਵਾ, ਕੋਂਸਲਰ ਮਲਕੀਤ ਸਿੰਘ ਗਿੱਲ, ਬੇਅੰਤ ਸਿੰਘ ਰੰਧਾਵਾ, ਰਜਿੰਦਰ ਸਿੰਘ ਸਿੱਧੂ, ਜੁਗਰਾਜ ਸਿੰਘ,

ਬਲਰਾਜ ਸਿੰਘ ਪੱਕਾ, ਗੁਰਵਿੰਦਰ ਸ਼ਰਮਾ, ਰਤਨ ਰਾਹੀ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਟੀ ਦੇ ਉਪ ਕੁੱਲਪਤੀ ਡਾ ਮੋਹਨਪਾਲ ਸਿੰਘ ਈਸ਼ਰ, ਡਾਇਰੈਕਟਰ ਹਰਜਿੰਦਰ ਸਿੰਘ ਸਿੱਧੂ, ਡਾਇਰੈਕਟਰ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਆਦਿ ਨੇ ਵੀ ਦਾਸ਼ ਬਾਦਲ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ।
 

ਪਾਸ਼ ਤੇ ਦਾਸ ਦੀ ਪੱਕੀ ਆੜੀ ਟੁੱਟੀ : ਪੰਜਾਬ ਦੀ ਸਿਆਸਤ 'ਚ ਰਾਮ ਤੇ ਲਕਸ਼ਮਣ ਵਜੋਂ ਮਸ਼ਹੂਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦੀ ਅੱਜ ਪੱਕੀ ਆੜੀ ਟੁੱਟ ਗਈ। ਦਾਸ ਜੀ ਤੇ ਪਾਸ਼ ਜੀ ਵਜੋਂ ਮਸ਼ਹੂਰ ਦੋਵਾਂ ਭਰਾਵਾਂ ਦੀ ਇਕਜੁਟਤਾ, ਪਿਆਰ ਤੇ ਥਵਾਕ ਨੇ ਇਸ ਜੋੜੀ ਦੀ ਪੂਰੇ ਪੰਜਾਬ 'ਚ ਧਾਂਕ ਜਮਾ ਦਿਤੀ ਸੀ। ਬੇਸ਼ੱਕ ਇਨ੍ਹਾਂ ਦੋਨਾਂ ਭਰਾਵਾਂ ਦੇ ਪੁੱਤਰਾਂ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ 'ਚ ਕੁੜੱਤਣ ਪੈਣ ਕਾਰਨ ਦੋਨੇ ਪ੍ਰਵਾਰ ਕੁੱਝ ਸਾਲ ਪਹਿਲਾਂ ਅਲੱਗ ਹੋ ਗਏ ਸਨ

ਪ੍ਰੰਤੂ ਇਸਦੇ ਬਾਵਜੂਦ ਦੋਵਾਂ ਭਰਾਵਾਂ 'ਚ ਆਖ਼ਰੀ ਸਮੇਂ ਤਕ ਪਿਆਰ ਬਣਿਆ ਰਿਹਾ। ਬਾਦਲ ਪਰਵਾਰ ਦੇ ਨਜ਼ਦੀਕੀਆਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਬੁਲੰਦੀਆਂ ਤਕ ਪਹੁੰਚਾਉਣ ਲਈ ਗੁਰਦਾਸ ਸਿੰਘ ਬਾਦਲ ਨੇ ਸਿਆਸਤ ਵਿਚੋਂ ਪਿੱਛੇ ਹਟ ਕੇ ਮੋਰਚਾ ਸੰਭਾਲਣ ਦਾ ਫ਼ੈਸਲਾ ਕੀਤਾ। ਉਹ ਲੰਬੀ ਤੋਂ ਇਲਾਵਾ ਫ਼ਿਰੋਜਪੁਰ, ਸ੍ਰੀ ਮੁਕਤਸਰ ਸਾਹਿਬ ਆਦਿ ਜ਼ਿਲ੍ਹਿਆਂ ਵਿਚ ਕੰਮ ਦੇਖਦੇ ਸਨ।
 

ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 15 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੇ ਦੇਹਾਂਤ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਸਾਂਝਾ ਕੀਤਾ ਹੈ। ਸਰਦਾਰ ਗੁਰਦਾਸ ਸਿੰਘ ਬਾਦਲ 90 ਵਰ੍ਹਿਆਂ ਦੇ ਸਨ ਜਿਨ੍ਹਾਂ ਨੇ ਬੀਤੀ ਰਾਤ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ।

ਪਰਵਾਰ ਅਤੇ ਸਾਕ-ਸਬੰਧੀਆਂ ਲਈ ਵੱਡਾ ਘਾਟਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੀ ਭੈਣ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਬਰਦਾਸ਼ਤ ਕਰ ਲੈਣ ਦੀ ਹਿੰਮਤ ਦਿਖਾਉਣਗੇ। ਮੁੱਖ ਮੰਤਰੀ ਨੇ ਗੁਰਦਾਸ ਬਾਦਲ ਵੱਲੋਂ ਲੋਕਾਂ ਦੀ ਖਾਸ ਕਰਕੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਸੂਬੇ ਦੇ ਵਿਸ਼ੇਸ਼ ਕਰਕੇ ਮਾਲਵਾ ਖਿੱਤੇ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਲਈ ਪਾਏ ਅਹਿਮ ਯੋਗਦਾਨ ਨੂੰ ਵੀ ਚੇਤੇ ਕੀਤਾ। ਉਨ੍ਹਾਂ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਲਈ ਅਰਦਾਸ ਕੀਤੀ।