ਪੰਜਾਬ 'ਚ ਕੋਰੋਨਾ ਵਾਇਰਸ ਤੋਂ ਕੁੱਝ ਰਾਹਤ ਮਿਲੀ, ਤੀਜੇ ਦਿਨ ਵੀ ਪਾਜ਼ੇਟਿਵ ਮਾਮਲੇ ਕਾਫ਼ੀ ਘਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਕੋਰੋਨਾ ਵਾਇਰਸ ਦੇ ਪਿਛਲੇ ਦਿਨਾਂ ਵਿਚ ਇਕ ਦਮ ਮਾਮਲੇ ਵਧਣ ਤੋਂ ਬਾਅਦ ਹੁਣ ਪਾਜ਼ੇਟਿਵ ਕੇਸਾਂ ਦੀ

File Photo

ਚੰਡੀਗੜ੍ਹ, 15 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਵਾਇਰਸ ਦੇ ਪਿਛਲੇ ਦਿਨਾਂ ਵਿਚ ਇਕ ਦਮ ਮਾਮਲੇ ਵਧਣ ਤੋਂ ਬਾਅਦ ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ ਕਾਫ਼ੀ ਘਟਣ ਲੱਗ ਹੈ ਜਦ ਕਿ ਠੀਕ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਕਈ ਗੁਣਾਂ ਵਧ ਰਹੀ ਹੈ ਅਤੇ ਤੰਦਰੁਸਤ ਹੋ ਕੇ ਉਹ ਘਰਾਂ ਨੂੰ ਪਰਤ ਰਹੇ ਹਨ। ਇਕ ਦਮ 1900 ਤੱਕ ਦਾ ਅੰਕੜਾ ਪਾਰ ਕਰਨ ਬਾਅਦ ਹੁਣ ਨਵੇਂ ਕੋਰੋਨਾ ਵਾਇਰਸ ਪੀੜਤ ਮਾਮਲਿਆਂ ਦੀ ਸੂਈ ਕਈ ਦਿਨਾਂ ਦੌਰਾਨ 1900 ਤੋਂ 1950 ਦੇ ਵਿਚਕਾਰ ਅਟਕ ਗਈ ਹੈ ਜੋ ਸੂਬੇ ਲਈ ਇਕ ਰਾਹਤ ਵਾਲੀ ਗੱਲ ਹੈ। ਤਿੰਨ ਦਿਨਾਂ ਦੌਰਾਨ ਨਵੇਂ ਆਉਣ ਵਾਲੇ ਪਾਜ਼ੇਟਿਵ ਕੇਸਾਂ ਦੀ ਗਿਣਤੀ 10 ਤੋਂ 13 ਵਿਚਕਾਰ ਹੀ ਹੈ। ਬੀਤੇ ਦਿਨੀਂ 24 ਘੰਟਿਆਂ ਦੌਰਾਨ ਵੀ ਸੂਬੇ 'ਚ 13 ਹੀ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।

ਜਦ ਕਿ ਇਸੇ ਸਮੇਂ ਦੌਰਾਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 82 ਹੈ। ਇਨ੍ਹਾਂ 'ਚ ਮੋਗਾ ਜ਼ਿਲ੍ਹੇ ਵਿਚ 44, ਪਟਿਆਲਾ ਵਿਚ 21, ਗੁਰਦਾਸਪੁਰ ਵਿਚ 9, ਜਲੰਧਰ 4, ਮੋਹਾਲੀ 3 ਅਤੇ ਮਾਨਸਾ 'ਚ 1 ਮਰੀਜ਼ ਠੀਕ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 48 ਘੰਟੇ ਦੌਰਾਨ ਪੰਜਾਬ ਵਿਚ ਡਿਊਟੀ 'ਤੇ ਆਏ ਰੇਲਵੇ ਪੁਲਿਸ ਦੇ ਜਵਾਨਾਂ ਦੇ 34 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਪਰ ਇਹ ਸਾਰੇ ਦਿੱਲੀ ਸਟੇਟ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਪੰਜਾਬ ਦੀ ਗਿਣਤੀ ਵਿਚ ਦਰਜ ਨਹੀਂ ਕੀਤਾ ਗਿਆ। ਅੱਜ ਸੂਬੇ ਵਿਚ ਕੁੱਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਸ਼ਾਮ ਤੱਕ 1932 ਪਹੁੰਚਿਆ ਜਿਸ ਵਿਚ ਦੇਰ ਰਾਤ ਤੱਕ ਕੁੱਝ ਹੋਰ ਵਾਧਾ ਹੋ ਸਕਦਾ ਹੈ। ਇਹ ਵੀ ਜ਼ਿਕਰਯੋਗ ਗੱਲ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਵਿਚੋਂ ਪਾਜ਼ੇਟਿਵ ਆਏ ਕਾਫ਼ੀ ਪੀੜਤ ਵੀ ਤੰਦਰੁਸਤ ਹੋ ਕੇ ਕਈ ਜ਼ਿਲ੍ਹਿਆਂ 'ਚੋਂ ਘਰਾਂ ਵਿਚ ਪਰਤੇ ਹਨ। 3050 ਸੈਂਪਲਾਂ ਦੀਆਂ ਰੀਪੋਰਟਾਂ ਹਾਲੇ ਲੰਬਿਤ ਹਨ।

ਕਤਲ ਕੀਤੇ ਵਿਅਕਤੀ ਦੀ ਰੀਪੋਰਟ ਆਈ ਕੋਰੋਨਾ ਪਾਜ਼ੇਟਿਵ
ਲੁਧਿਆਣਾ, 15 ਮਈ (ਪ.ਪ.) : ਸਥਾਨਕ ਰੇਲਵੇ ਕਾਲੋਨੀ ਪੰਜ ਵਿਚ ਕਤਲ ਕੀਤੇ ਨੌਜਵਾਨ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ ਜਿਸ ਕਾਰਨ ਅਧਿਕਾਰੀਆਂ ਵਲੋਂ 14 ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਸਮੇਤ ਇੱਕੀ ਵਿਅਕਤੀਆਂ ਨੂੰ ਕੁਆਰੰਟੀਨ ਕਰ ਦਿਤਾ ਹੈ। ਬੀਤੇ ਦਿਨ ਕਰਨ ਚੌਧਰੀ ਨਾਮੀ ਇਸ ਨੌਜਵਾਨ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿਤਾ ਗਿਆ ਸੀ ਅਤੇ ਉਸ ਦੀ ਲਾਸ਼ ਰੇਲਵੇ ਕਾਲੋਨੀ ਵਿਚ ਸੁੱਟ ਦਿਤੀ ਸੀ। ਪੁਲਿਸ ਵਲੋਂ ਪੋਸਟਮਾਰਟਮ ਕਰਵਾਉਣ ਤੋਂ ਪਹਿਲਾਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜੋ ਕਿ ਪਾਜ਼ੇਟਿਵ ਆਇਆ ਹੈ। ਪੁਲਿਸ ਵਲੋਂ ਜਨਕਪੁਰੀ ਦੀ ਗ਼ਲੀ ਨੰਬਰ 13 ਦਾ ਇਲਾਕਾ ਵੀ ਸੀਲ ਕਰ ਦਿਤਾ ਹੈ ਜਿਥੇ ਕਿ ਕਰਨ ਚੌਧਰੀ ਰਹਿੰਦਾ ਸੀ।

ਫ਼ਤਿਹਗੜ੍ਹ ਸਾਹਿਬ 'ਚ 5 ਸਾਲਾ ਬੱਚੀ ਕੋਰੋਨਾ ਪੀੜਤ
ਫਤਿਹਗੜ੍ਹ  ਸਾਹਿਬ (ਪਪ) : ਫਤਿਹਗੜ੍ਹ ਸਾਹਿਬ ਵਿਚ ਇਕ 5 ਸਾਲ ਬੱਚੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਬੱਚੀ ਦਾ ਪਿਤਾ ਕੰਬਾਈਨ ਦਾ ਕੰਮਕਾਰ ਕਰਦਾ ਹੈ ਅਤੇ ਉਸ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਸੀ। ਜਿਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਫ਼ਤਿਹਗੜ੍ਹ ਸਾਹਿਬ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 56 ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਫ਼ਤਿਹਗੜ੍ਹ ਸਾਹਿਬ ਡਾਕਟਰ ਐਨ.ਕੇ. ਅਗਰਵਾਲ ਵਲੋਂ ਕੀਤੀ ਗਈ ਹੈ।