ਇਟਲੀ ਦੇ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਸਾਹਿਬ ਖੋਲ੍ਹਣ ਦੀ ਦਿਤੀ ਇਜਾਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਚਾਅ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਕਰਨੀ ਹੋਵੇਗੀ ਪਾਲਣਾ

1

ਰੋਮ, 16 ਮਈ (ਪ.ਪ.) : ਇਟਲੀ ਵਿਚ ਕੋਰੋਨਾ ਸੰਕਟ ਕਾਰਨ ਆਈ ਪਤਝੜ ਨੂੰ ਮੋੜਾ ਪੈਂਦਿਆਂ ਹੁਣ ਬਸੰਤ ਅਪਣੇ ਪੂਰੇ ਜੋਬਨ ’ਤੇ ਹੈ। ਇਸ ਬਸੰਤ ਨੂੰ ਬਹਾਲ ਕਰਨ ਲਈ ਇਟਲੀ ਦੀ ਸਰਕਾਰ, ਸਿਹਤ ਵਿਭਾਗ, ਸਿਵਲ ਸੁਰੱਖਿਆ ਅਤੇ ਪੁਲਸ ਪ੍ਰਸ਼ਾਸ਼ਨ ਦੀਆਂ ਦਿਨ-ਰਾਤ ਕੀਤੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਟਲੀ ਨੇ ਦੁਬਾਰਾ ਹੱਸਣਾ ਸ਼ੁਰੂ ਕੀਤਾ ਹੈ। ਇਟਲੀ ਨੂੰ ਪੂਰੀ ਤਰ੍ਹਾਂ ਕੋਵਿਡ-19 ਮੁਕਤ ਕਰਨ ਲਈ ਇਟਲੀ ਸਰਕਾਰ ਵਲੋਂ ਲੋਕਾਂ ਨੂੰ ਵਾਰ-ਵਾਰ ਇਹ ਗੁਜਾਰਿਸ਼ ਕੀਤੀ ਜਾ ਰਹੀ ਹੈ ਕਿ ਕੋਵਿਡ-19 ਤੋਂ ਬਚਣ ਲਈ ਪੂਰੀ ਤਰ੍ਹਾਂ ਤੇ ਸਖ਼ਤੀ ਨਾਲ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।


ਸਰਕਾਰ ਨੇ ਪਹਿਲਾਂ 4 ਮਈ ਨੂੰ ਕੁੱਝ ਹੱਦ ਤਕ ਕਾਰੋਬਾਰ ਖੋਲ੍ਹੇ ਅਤੇ ਹੁਣ 18 ਮਈ ਨੂੰ ਖੋਲ੍ਹਣ ਜਾ ਰਹੇ ਹੋਰ ਕਾਰੋਬਾਰਾਂ ਦੇ ਨਾਲ-ਨਾਲ ਇਟਲੀ ਭਰ ਦੇ ਧਾਰਮਕ ਅਸਥਾਨਾਂ ਦੇ ਦਰਵਾਜੇ ਵੀ ਖੋਲ੍ਹਣ ਜਾ ਰਹੀ ਹੈ ਜਿਸ ਨਾਲ ਲੋਕਾਂ ਵਿਚ ਮਾਹੌਲ ਕਾਫ਼ੀ ਖ਼ੁਸ਼ੀ ਅਤੇ ਰਾਹਤ ਭਰਿਆ ਬਣਿਆ ਹੋਇਆ ਹੈ।


ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਜਿਥੇ ਈਸਾਈ ਮਤ ਦੇ ਆਗੂਆਂ ਨਾਲ ਡੂੰਘੀਆਂ ਵਿਚਾਰਾਂ ਕਰਨ ਤੋਂ ਬਾਅਦ 18 ਮਈ ਨੂੰ ਇਟਲੀ ਭਰ ਦੇ ਗਿਰਜਾਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਹੈ, ਉਥੇ ਹੀ ਇਟਲੀ ਦੇ ਸਿੱਖਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰ ਰਹੀ ਸਿਰਮੌਰ ਜਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਨਾਲ ਰਾਜਧਾਨੀ ਰੋਮ ਵਿਖੇ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਪ੍ਰਧਾਨ ਮੰਤਰੀ ਕੌਂਤੇ ਨੇ ਇਟਲੀ ਦੇ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹਣ ਦੀ ਪ੍ਰਵਾਨਗੀ ਦਿਤੀ ਹੈ।