ਗੁਰਦਾਸਪੁਰ: ਸਿਵਲ ਹਸਪਤਾਲ 'ਚ ਬਲੱਡ ਬੈਂਕ 'ਤੇ ਪਿਆ ਕੋਰੋਨਾ ਦਾ ਪਰਛਾਵਾਂ, 70 ਯੂਨਿਟ ਖੂਨ ਬਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਏ' ਪਾਜ਼ਿਟਿਵ ਅਤੇ 'ਓ' ਪਾਜ਼ਿਟਿਵ ਗਰੁੱਪ ਦਾ ਸਟਾਕ ਬਿਲਕੁਲ ਹੋਇਆ ਖਤਮ

Blood Donate

ਗੁਰਦਾਸਪੁਰ(ਅਵਤਾਰ ਸਿੰਘ) ਕੋਰੋਨਾ ਵਾਇਰਸ ਨੇ ਜਿੱਥੇ ਰੋਜ਼ਮਰਾ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਉਥੇ ਇਸਦਾ ਅਸਰ ਸਿਹਤ ਸੇਵਾਵਾਂ ਤੇ ਵੀ ਪਿਆ। ਜਿਲ੍ਹਾ ਗੁਰਦਾਸਪੁਰ 'ਚ ਬਲੱਡ ਬੈਂਕ ਵਿੱਚ ਵੀ ਕੋਰੋਨਾ ਦਾ ਪਰਛਾਵਾਂ ਪਿਆ ਹੈ।

ਕੋਰੋਨਾ ਵਾਇਰਸ ਕਾਰਨ ਬਲੱਡ ਡੋਨਰਾਂ ਵੱਲੋਂ ਖੂਨ ਦਾਨ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਖੂਨ ਦੀ ਵੱਡੀ ਕਮੀ ਆਈ ਹੈ ਗੁਰਦਾਸਪੁਰ ਬਲੱਡ ਬੈਂਕ ਵਿਚ ਏ ਪਾਜ਼ਿਟਿਵ ਅਤੇ ਓ ਪਾਜ਼ਿਟਿਵ ਗਰੁੱਪ ਦੇ ਖੂਨ ਦਾ ਸਟਾਕ ਬਿਲਕੁੱਲ ਖਤਮ ਹੋ ਚੁੱਕਿਆ ਹੈ ਜਿਸ ਕਰਕੇ ਲੋਕ ਪ੍ਰੇਸ਼ਾਨ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਐਲਟੀਐਮ ਰਾਣਾ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਕਹਿਰ ਬਲੱਡ ਬੈਂਕ ਉਪਰ ਵੀ ਪਿਆ ਹੈ ਕੋਰੋਨਾ ਕਰਕੇ ਬਲੱਡ ਬੈਂਕ ਵਿਚ ਖੂਨ ਦੀ ਕਮੀ ਆਈ ਹੈ ਜਿਸ ਕਰਕੇ ਮਰੀਜਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪਹਿਲਾਂ ਬਲੱਡ ਬੈਂਕ ਵਿਚ 250 ਤੋਂ 300 ਯੂਨਿਟ ਬਲੱਡ ਰਹਿੰਦਾ ਸੀ ਪਰ ਹੁਣ ਕੋਰੋਨਾ ਵਾਇਰਸ ਕਾਰਨ ਬਲੱਡ ਬੈਂਕ ਵਿਚ ਸਿਰਫ 70 ਯੂਨਿਟ ਹੀ ਬਲੱਡ ਹੈ। ਹਾਲਾਤ ਇੰਨੇ ਚਿੰਤਾਜਨਕ ਬਣੇ ਹੋਏ ਹਨ ਕਿ ਬਲੱਡ ਬੈਂਕ ਵਿਚ 'ਏ' ਪਾਜ਼ਿਟਿਵ ਅਤੇ 'ਓ' ਪਾਜ਼ਿਟਿਵ ਗਰੁੱਪ ਦਾ ਸਟਾਕ ਖਤਮ ਹੋ ਗਿਆ ਹੈ ਅਤੇ ਬਾਕੀ ਦੇ  ਬਲੱਡ ਗਰੁੱਪ ਵਿਚ ਵੀ ਬਹੁਤ ਕਮੀ ਆਈ ਹੈ।

ਉਹਨਾਂ ਦੱਸਿਆ ਕਿ ਖ਼ੂਨ ਦੀ ਡਿਮਾਂਡ ਜ਼ਿਆਦਾ ਆ ਰਹੀ ਹੈ ਜਦੋਂ ਕਿ ਖ਼ੂਨਦਾਨ ਕਰਨ ਵਾਲੇ ਡੋਨਰ ਕੋਰੋਨਾ ਵਾਇਰਸ ਕਾਰਨ ਘੱਟ ਖੂਨ ਦਾਨ ਕਰ ਰਹੇ ਹਨ ਅਤੇ ਨਾ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿਸ ਕਰਕੇ ਖੂਨ ਨਾਂ ਮਿਲਣ ਕਾਰਨ ਮਰੀਜ਼ ਕਾਫੀ ਪ੍ਰੇਸ਼ਾਨ ਹੋ ਰਹੇ ਹਨ ਇਸ ਲਈ ਉਹਨਾਂ ਨੇ ਡੋਨਰਾਂ ਨੂੰ ਅਪੀਲ ਕੀਤੀ ਹੈ ਕਿ ਵੈਕਸੀਨ ਦੇ 28 ਦਿਨਾਂ ਬਾਅਦ ਖੂਨ ਦਾਨ ਕੀਤਾ ਜਾ ਸਕਦਾ ਹੈ ਇਸ ਲਈ ਖੂਨ ਦਾਨ ਕਰੋ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਇਆ ਜਾ ਸਕਣ।