ਬੇਅਦਬੀ ਮਾਮਲਾ: ਸੁਖਬੀਰ ਬਾਦਲ ਦੀ ਚੁਣੌਤੀ ਨੂੰ ਨਵਜੋਤ ਸਿੱਧੂ ਨੇ ਸਵੀਕਾਰਿਆ, ਪੇਸ਼ ਕੀਤੇ ਸਬੂਤ

ਏਜੰਸੀ

ਖ਼ਬਰਾਂ, ਪੰਜਾਬ

ਬਾਦਲ ਤੁਸੀਂ ਦੋਸ਼ੀ ਹੋ ਪਰ ਤੁਹਾਡਾ ਬਚਾਅ ਹੋ ਰਿਹਾ ਹੈ।" - ਨਵਜੋਤ ਸਿੱਧੂ

Navjot Sidhu, Sukhbir Badal

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੇ ਨਾਲ ਹੀ ਉਹ ਪਹਿਲਾਂ ਰਹਿ ਚੁੱਕੀ ਬਾਦਲ ਸਰਕਾਰ ਤੇ ਵੀ ਹਮਲਾ ਕਰ ਰਹੇ ਹਨ। ਅੱਜ ਨਵਜੋਤ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਬੇਅਦਬੀ ਮਾਮਲੇ ਨਾਲ ਸਬੰਧਿਤ ਇਕ ਵੀਡੀਓ ਜਾਰੀ ਕੀਤਾ ਹੈ।

ਉਨ੍ਹਾਂ ਨੇ ਇਸ ਵੀਡੀਓ ਨੂੰ ਸਬੂਤ ਵਜੋਂ ਪੇਸ਼ ਕੀਤਾ ਹੈ। ਸੁਖਬੀਰ ਬਾਦਲ ਨੇ ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਉਹ ਇਸ ਨੂੰ ਜਨਤਾ ਸਾਹਮਣੇ ਕਿਉਂ ਨਹੀਂ ਪੇਸ਼ ਕਰਦੇ ਤੇ ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਇਸ ਦੇ ਨਾਲ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ। ਨਵਜੋਤ ਸਿੱਧੂ ਵੱਲੋਂ ਜਾਰੀ ਕੀਤਾ ਗਿਆ ਵੀਡੀਓ ਸਤੰਬਰ 2018 ਦਾ ਹੈ। ਇਸ ਵੀਡੀਓ ਨੂੰ ਜਾਰੀ ਕਰਦਿਆਂ ਨਵਜੋਤ ਸਿੱਧੂ ਨੇ ਲਿਖਿਆ ਕਿ ਤੁਸੀਂ ਦੋਸ਼ੀ ਹੋ, ਪਰ ਤੁਹਾਨੂੰ ਬਚਾਇਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਫਰੀਦਕੋਟ ਵਿਚ 2015 ਦੀ ਘਟਨਾ ਬਾਰੇ ਕਾਂਗਰਸੀ ਨੇਤਾਵਾਂ ਤੋਂ ਸਬੂਤ ਮੰਗੇ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਬਾਦਲ ਖ਼ਿਲਾਫ਼ ਲੋੜੀਂਦੇ ਸਬੂਤ ਉਪਲੱਬਧ ਹਨ। ਉਨ੍ਹਾਂ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਵੀ ਪੇਸ਼ ਕੀਤੀ।
ਉਨ੍ਹਾਂ ਕੁੱਝ ਸੀਸੀਟੀਵੀ ਫੁਟੇਜ ਵੀ ਪੋਸਟ ਕੀਤੇ।

ਨਵਜੋਤ ਸਿੱਧੂ ਨੇ ਲਿਖਿਆ ਕਿ ਸੀਸੀਟੀਵੀ ਫੁਟੇਜ ਜਸਟਿਸ ਜੋਰਾ ਸਿੰਘ ਕਮਿਸ਼ਨ ਇਨਕੁਆਰੀ ਤੋਂ ਲੁਕਾ ਲਏ ਗਏ ਸੀ। ਉਸ ਸਮੇਂ ਸੱਤਾ ਵਿਚ ਬਾਦਲ ਹੀ ਸਨ। ਬਾਅਦ ਵਿਚ ਜਸਟਿਸ ਰਣਜੀਤ ਸਿੰਘ ਨੇ ਇਨ੍ਹਾਂ ਸੀਸੀਟੀਵੀ ਫੁਟੇਜਾਂ ਨੂੰ ਖੰਗਾਲਿਆ ਅਤੇ ਉਹ ਮਿਲ ਗਈਆ। ਨਵਜੋਤ ਸਿੱਧੂ ਨੇ ਕਿਹਾ, "ਮੈਂ ਇਸ ਸੀਸੀਟੀਵੀ ਫੁਟੇਜ ਨੂੰ ਜਨਤਕ ਖੇਤਰ ਵਿਚ ਪਾ ਰਿਹਾ ਹਾਂ, ਜਿਸ ਵਿਚ ਪੁਲਿਸ ਦੀ ਭੂਮਿਕਾ ਸਾਫ਼ ਦਿਖਾਈ ਦੇ ਰਹੀ ਹੈ। ਬਾਦਲ ਤੁਸੀਂ ਦੋਸ਼ੀ ਹੋ ਪਰ ਤੁਹਾਡਾ ਬਚਾਅ ਹੋ ਰਿਹਾ ਹੈ।"