ਅਣਪਛਾਤੇ ਵਿਅਕਤੀਆਂ ਨੇ ਪੁਲਿਸ ’ਤੇ ਚਲਾਈਆਂ ਗੋਲੀਆਂ, ਦੋ ਥਾਣੇਦਾਰਾਂ ਦੀ ਮੌਤ ਤੇ ਇਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਉਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ

Police officer

ਜਗਰਾਉਂ (ਪਰਮਜੀਤ ਸਿੰਘ ਗਰੇਵਾਲ) : ਜਗਰਾਉਂ ’ਚ ਤਾਲਾਬੰਦੀ ਦੌਰਾਨ ਵਾਪਰੀ ਵੱਡੀ ਵਾਰਦਾਤ ਕਾਰਨ ਸ਼ਹਿਰ ਵਾਸੀ ਸਹਿਮ ਗਏ ਹਨ ਕਿਉਂਕਿ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਸਥਾਨਕ ਦਾਣਾ ਮੰਡੀ ਵਿਖੇ ਚਲਾਈਆਂ ਗੋਲੀਆਂ ’ਚ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀ. ਆਈ. ਏ. ਸਟਾਫ਼ ’ਚ ਤੈਨਾਤ ਦੋ ਥਾਣੇਦਾਰਾਂ ਨੂੰ ਗੋਲੀਆਂ ਲੱਗਣ ਕਾਰਨ ਮੌਕੇ ’ਤੇ ਮੌਤ ਹੋ ਗਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਐਸ. ਐਸ. ਪੀ. ਚਰਨਜੀਤ ਸਿੰਘ ਸੋਹਲ ਸਮੇਤ ਵੱਡੀ ਗਿਣਤੀ ’ਚ ਉਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਛਾਣਬੀਣ ਆਰੰਭ ਕਰਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਚੈਕ ਕਰਨ ਲੱਗੇ। 

ਘਟਨਾ ਸਥਾਨ ’ਤੇ ਪਹੁੰਚੇ ਡੀ. ਐਸ. ਪੀ. ਜਤਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੀ. ਆਈ. ਏ. ਸਟਾਫ਼ ’ਚ ਤੈਨਾਤ ਏ. ਐਸ. ਆਈ. ਭਗਵਾਨ ਸਿੰਘ, ਏ. ਐਸ. ਆਈ. ਦਲਵਿੰਦਰ ਸਿੰਘ ਅਤੇ ਪੁਲਿਸ ਮੁਲਾਜ਼ਮ ਰਾਜਵਿੰਦਰ ਸਿੰਘ ਇਕ ਚਿੱਟੇ ਰੰਗ ਦੀ ਆਈ 10 ਕਾਰ ਅਤੇ ਲਾਲ ਰੰਗ ਕੇ ਕੈਂਟਰ ਦਾ ਪਿੱਛਾ ਕਰ ਰਹੇ ਹਨ, ਜਦ ਉਹ ਸਥਾਨਕ ਦਾਣਾ ਮੰਡੀ ਪਹੁੰਚੇ ਤਾਂ ਇਨ੍ਹਾਂ ਦੀ ਆਪਸ ’ਚ ਜ਼ਬਰਦਸਤ ਝੜਪ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਗੋਲੀਆਂ ਚਲਾ ਦਿਤੀਆਂ, ਜਿਸ ਕਾਰਨ ਏ. ਐਸ. ਆਈ. ਭਗਵਾਨ ਸਿੰਘ ਦੇ ਸਿਰ ’ਤੇ ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ,

ਜਦਕਿ ਦੂਸਰਾ ਮੁਲਾਜ਼ਮ ਦਲਵਿੰਦਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰਤ ਸਿਵਲ ਹਸਪਤਾਲ ਭੇਜਿਆ, ਜਿਥੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿਤਾ ਪ੍ਰੰਤੂ ਉਸ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ ਇਕ ਮੁਲਾਜ਼ਮ ਰਾਜਵਿੰਦਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਡੀ. ਐਸ. ਪੀ. ਨੇ ਦਸਿਆ ਕਿ ਆਈ 10 ਕਾਰ ’ਚ ਤਿੰਨ ਜਾਂ ਚਾਰ ਵਿਅਕਤੀ ਸਵਾਰ ਸਨ, ਜਿਹੜੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ।