ਵਿਜੀਲੈਂਸ ਬਿਊਰੋ ਨੇ ਨਵਜੋਤ ਸਿੰਘ ਸਿੱਧੂ ਦੇ ਨੇੜਲਿਆਂ ਵਿਰੁਧ ਸ਼ੁਰੂ ਕੀਤੀ ਕਾਰਵਾਈ
ਲੋਕਲ ਬਾਡੀਜ਼ ਨਾਲ ਜੁੜੇ ਮੁਹਾਲੀ, ਜ਼ੀਰਕਪੁਰ ਤੇ ਚੰਡੀਗੜ੍ਹ ਦੇ ਕੁੱਝ ਦਫ਼ਤਰਾਂ ਤੋਂ ਸਿੱਧੂ ਦੇ ਮੰਤਰੀ ਹੋਣ ਸਮੇਂ ਦੇ ਕੁੱਝ ਦਸਤਾਵੇਜ਼ ਕਬਜ਼ੇ ’ਚ ਲਏ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ’ਚ ਚਲ ਰਹੀ ਖੁਲ੍ਹੀ ਜੰਗ ’ਚ ਉਸ ਸਮੇਂ ਨਵਾਂ ਮੋੜ ਆਇਆ ਹੈ, ਜਦੋਂ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਿੱਧੂ ਦੇ ਨੇੜਲਿਆਂ ਖਾਸਮ-ਖਾਸ ਲੋਕਾਂ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਬੇਅਦਬੀ ਤੇ ਗੋਲੀਕਾਂਡ ਦੇ ਮੁੱਦੇ ਨੂੰ ਲੈ ਕੇ ਲਗਾਤਾਾਰ ਕੈਪਟਨ ਨੂੰ ਨਿਸ਼ਾਨਾ ਬਣਾ ਕੇ ਸੋਸ਼ਲ ਮੀਡੀਆ ’ਤੇ ਟਵੀਟ ਅਤੇ ਫ਼ੇਸਬੁਕ ਰਾਹੀਂ ਲਗਾਤਾਰ ਤਿੱਖੇ ਹਮਲੇ ਕੀਤੇ ਜਾ ਰਹੇ ਹਨ।
ਇਹੀ ਮਾਮਲੇ ਸਾਲ 2019 ’ਚ ਵੀ ਖੋਲ੍ਹ ਕੇ ਸਿੱਧੂ ਨੂੰ ਘੇਰਨ ਦਾ ਯਤਨ ਕੀਤਾ ਗਿਆ ਸੀ ਪਰ ਬਾਅਦ ’ਚ ਪਾਰਟੀ ਹਾਈ ਕਮਾਨ ਦੇ ਦਖ਼ਲ ਕਾਰਨ ਫ਼ਾਈਲਾਂ ਬੰਦ ਕਰ ਦਿਤੀਆਂ ਗਈਆਂ ਸਨ। ਪਰ ਹੁਣ ਸਿੱਧੂ ਵਲੋਂ ਸਿੱਧੇ ਤੌਰ ’ਤੇ ਮੁੱਖ ਮੰਤਰੀ ਨੂੰ ਚੁਨੌਤੀ ਦੇਣ ਬਾਅਦ ਇਹ ਫ਼ਾਈਲਾਂ ਮੁੜ ਖੋਲ੍ਹੀਆਂ ਗਈਆਂ ਹਨ। ਕੱਲ੍ਹ ਪੂਰਾ ਦਿਨ ਹੀ ਵਿਜੀਲੈਂਸ ਬਿਊਰੋ ਦੀ ਕਾਰਵਾਈ ਚਲਦੀ ਰਹੀ। ਪਹਿਲਾਂ ਅੰਮ੍ਰਿਤਸਰ ਦੇ ਐਸ.ਐਸ.ਪੀ. ਵਿਜੀਲੈਂਸ ਪਰਮਪਾਲ ਸਿੰਘ ਬਿਊਰੋ ਦੇ ਮੁਖ ਦਫ਼ਤਰ ਪਹੁੰਚੇ ਅਤੇ ਇਸੇ ਦੌਰਾਨ ਚੰਡੀਗੜ੍ਹ, ਮੋਹਾਲੀ, ਜ਼ੀਰਕਪੁਰ ਤੇ ਡੇਰਾਬੱਸੀ ਆਦਿ ਖੇਤਰਾਂ ’ਚ ਵਿਜੀਲੈਂਸ ਟੀਮ ਵਲੋਂ ਲੋਕਲ ਬਾਡੀਜ਼ ਮਹਿਕਮੇ ਨਾਲ ਸਬੰਧਤ ਕੁੱਝ ਦਫਤਰਾਂ ’ਚ ਛਾਪੇਮਾਰੀ ਕਰ ਕੇ ਸਿੱਧੂ ਦੇ ਇਸ ਮਹਿਕਮੇ ਦੇ ਮੰਤਰੀ ਹੋਣ ਸਮੇਂ ਨਾਲ ਸਬੰਧਤ ਕਈ ਪ੍ਰਾਜੈਕਟਾਂ ਦੀਆਂ ਮਨਮਰਜ਼ੀਆਂ ਆਦਿ ਦੇ ਦਸਤਾਵੇਜ਼ ਜਾਂਚ ਲਈ ਕਬਜ਼ੇ ’ਚ ਲਏ ਗਏ ਹਨ।
ਭਾਵੇਂ ਕਿ ਵਿਜੀਲੈਂਸ ਅਧਿਕਾਰੀ ਹਾਲੇ ਕੁੱਝ ਵੀ ਖੁਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਤੇ ਕਾਰਵਾਈ ਪੂਰੀ ਤਰ੍ਹਾਂ ਚੁੱਪਚਾਪ ਕੀਤੀ ਗਈ ਸੀ ਪਰ ਮੀਡੀਆ ਨੂੰ ਇਸ ਦੀ ਭਿਣਕ ਲੱਗ ਗਈ। ਵਿਜੀਲੈਂਸ ਅਧਿਕਾਰੀ ਕੁੱਝ ਮਾਮਲਿਆਂ ਦੀ ਜਾਂਚ ਦੀ ਗੱਲ ਤਾਂ ਆਖ ਰਹੇ ਹਨ ਪਰ ਕਿਸੇ ਦਾ ਨਾਂ ਨਹੀਂ ਲੈ ਰਹੇ। ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਅਧਿਕਾਰੀ ਨਵਜੋਤ ਸਿੱਧੂ ਦੇ ਮੰਤਰੀ ਰਹਿਣ ਸਮੇਂ ਉਨ੍ਹਾਂ ਨਾਲ ਰਹੇ ਨੇੜਲੇ ਕੁੱਝ ਵਿਅਕਤੀਆਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨਾਲ ਰਹੇ ਕੁੱਝ ਵਿਅਕਤੀਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੇ ਹਨ।
ਇਹ ਵਿਅਕਤੀ ਉਸ ਸਮੇਂ ਓ.ਐਸ.ਡੀ. ਜਾਂ ਪੀ.ਏ. ਆਦਿ ਦੇ ਅਹੁਦਿਆਂ ’ਤੇ ਕੰਮ ਕਰਦੇ ਸਨ। ਕੁੱਝ ਨਗਰ ਸੰਸਥਾਵਾਂ ਨਾਲ ਸਬੰਧਤ ਅਧਿਕਾਰੀ ਹਨ। ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਤੋਂ ਇਲਾਵਾ ਡੇਰਾਬਸੀ, ਜ਼ੀਰਕਪੁਰ ਤੇ ਨਵਾਂ ਗਰਾਉਂ ਆਦਿ ਖੇਤਰਾਂ ’ਚ ਲੈਂਡ ਲੀਡ ਤੇ ਬਿਲਡਿੰਗਾਂ ਦੇ ਨਿਯਮਾਂ ਦੇ ਉਲਟ ਹੋਈਆਂ ਬੇਨਿਯਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਗਲੇ ਇਕ-ਦੋ ਦਿਨਾਂ ’ਚ ਹੋਰ ਅਧਿਕਾਰਤ ਵੇਰਵੇ ਸਾਹਮਣੇ ਆ ਸਕਦੇ ਹਨ। ਕਾਂਗਰਸੀ ਪਾਰਟੀ ਅੰਦਰ ਵੀ ਵਿਜੀਲੈਂਸ ਦੀ ਕਾਰਵਾਈ ਬਾਅਦ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਚੁੱਕੇ ਹਨ।
ਨਵਜੋਤ ਸਿੱਧੂ ਦਾ ਜਵਾਬ
‘‘ਸਵਾਗਤ ਹੈ, ਅਪਣੀ ਪੂਰੀ ਵਾਹ ਲਾ ਲਉ’’
ਚੰਡੀਗੜ੍ਹ (ਭੁੱਲਰ) : ਵਿਜੀਲੈਂਸ ਬਿਊਰੋ ਦੀ ਕਾਰਵਾਈ ’ਤੇ ਨਵਜੋਤ ਸਿੱਧੂ ਨੇ ਸੰਖੇਪ ਸ਼ਬਦਾਂ ’ਚ ਟਵੀਟ ਕਰ ਕੇ ਜਵਾਬ ਦਿਤਾ ਹੈ। ਉਨ੍ਹਾਂ ਕਿਹਾ ਕਿ ‘‘ਤੁਹਾਡਾ ਸਵਾਗਤ ਹੈ, ਆਪਣੀ ਪੂਰੀ ਵਾਹ ਲਾ ਲਉ’’ ਇਸ ਤਰ੍ਹਾਂ ਸਿੱਧੂ ਨੇ ਥੋੜੇ ਸ਼ਬਦਾਂ ’ਚ ਅਪਣਾ ਰੁਖ਼ ਸਪਸ਼ਟ ਕਰ ਦਿਤਾ ਹੈ। ਹੁਣ ਵੇਖਣਾ ਹੈ ਕਿ ਮੁੱਖ ਮੰਤਰੀ ਇਸ ਨੂੰ ਕਿਸ ਤਰ੍ਹਾਂ ਲੈਂਦੇ ਹਨ ਅਤੇ ਪਾਰਟੀ ’ਚ ਇਸ ’ਤੇ ਕੀ ਪ੍ਰਤੀਕਿਰਿਆ ਹੁੰਦੀ ਹੈ।