ਅਰਵਿੰਦ ਕੇਜਰੀਵਾਲ ਨੂੰ ਗਰਮ ਖ਼ਿਆਲੀਆਂ ਤੋਂ ਹੈ ਖ਼ਤਰਾ!

ਏਜੰਸੀ

ਖ਼ਬਰਾਂ, ਪੰਜਾਬ

ਅਰਵਿੰਦ ਕੇਜਰੀਵਾਲ ਨੂੰ ਗਰਮ ਖ਼ਿਆਲੀਆਂ ਤੋਂ ਹੈ ਖ਼ਤਰਾ!

image

ਨਵੀਂ ਦਿੱਲੀ, 15 ਮਈ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਨੇ ਗਰਮਖ਼ਿਆਲੀਆਂ ਤੋਂ ਖ਼ਤਰੇ ਦਾ ਖਦਸ਼ਾ ਜਾਹਰ ਕੀਤਾ ਹੈ। ਪੰਜਾਬ ਪੁਲਿਸ ਨੇ ਇਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੂੰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ। ਦਿੱਲੀ ਪੁਲਿਸ ਨੇ ਉਨ੍ਹਾਂ ਦੀ ਮੰਗ ਨੂੰ ਠੁਕਰਾ ਦਿਤਾ ਹੈ। ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਹੀ ਜੈੱਡ ਸ਼੍ਰੇਣੀ ਦੀ ਉੱਚ ਪੱਧਰੀ ਸੁਰੱਖਿਆ ਮਿਲ ਚੁਕੀ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੋਸ਼ ਲਗਾ ਰਹੀਆਂ ਹਨ ਕਿ ਕੇਜਰੀਵਾਲ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਇਸ ਦੋਸ਼ ਨੂੰ ਸਿਰੇ ਤੋਂ ਨਕਾਰਦੀ ਰਹੀ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਕੋਲ ਅਰਵਿੰਦ ਕੇਜਰੀਵਾਲ ਨੂੰ ਦਿਤੀ ਧਮਕੀ ਸਬੰਧੀ ਕੋਈ ਖੂਫ਼ੀਆ ਜਾਣਕਾਰੀ ਹੈ ਤਾਂ ਸਾਂਝੀ ਕੀਤੀ ਜਾਵੇ। ਇਸ ਨਾਲ ਕਾਰਵਾਈ ਕਰਨ ਲਈ ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਮਦਦ ਮਿਲੇਗੀ। ਜਾਹਿਰ ਹੈ ਕਿ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਵਧਾਉਣ ਦੀ ਪੇਸ਼ਕਸ਼ ਨੂੰ ਠੁਕਰਾ ਦਿਤਾ ਹੈ। ਦਿੱਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਬਾਹਰੀ ਮਦਦ ਦੀ ਲੋੜ ਨਹੀਂ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਕੋਈ ਰਸਮੀ ਬਿਆਨ ਨਹੀਂ ਦਿਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਦੀ ਸੁਰੱਖਿਆ ਹੈ। ਉਨ੍ਹਾਂ ਨੂੰ ਕਾਫੀ ਪੁਲਿਸ ਮੁਲਾਜ਼ਮ ਦਿਤੇ ਗਏ ਹਨ। ਹਰ ਵੀਆਈਪੀ ਨੂੰ ਖ਼ਤਰੇ ਦਾ ਨਿਯਮਤ ਆਂਕਲਨ ਚਲਦਾ ਰਹਿੰਦਾ ਹੈ। ਜੇਕਰ ਲੋੜ ਪਈ ਤਾਂ ਉਨ੍ਹਾਂ ਦੀ ਸੁਰੱਖਿਆ ਵਧਾਈ ਜਾਵੇਗੀ।
ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਸਬੰਧੀ ਪੱਤਰ ਲਿਖਿਆ ਗਿਆ ਹੈ। ਜਿਸ ਵਿਚ ਅਰਵਿੰਦ ਕੇਜਰੀਵਾਲ ਨੂੰ ਗਰਮਖ਼ਿਆਲੀਆਂ ਤੋਂ ਖ਼ਤਰੇ ਬਾਰੇ ਚਿਤਾਵਨੀ ਦਿਤੀ ਗਈ ਹੈ। ਇਹ ਪੱਤਰ ਕਦੋਂ ਲਿਖਿਆ ਗਿਆ, ਇਸ ਬਾਰੇ ਉਨ੍ਹਾਂ ਕੱੁਝ ਨਹੀਂ ਦਸਿਆ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਇਸ ਬਾਰੇ ਕੁੱਝ ਵੀ ਕਹਿਣ ਤੋਂ ਗੁਰੇਜ ਕਰ ਰਹੇ ਹਨ।     (ਏਜੰਸੀ)