ਡੇਰਾਬੱਸੀ ਘਟਨਾ : ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨ 'ਤੇ FIR ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਵਾਸੀ ਮਜ਼ਦੂਰਾਂ ਦੀਆਂ ਨੁਕਸਾਨੀਆਂ ਗਈਆਂ ਸਨ ਕਰੀਬ 35-40 ਝੁੱਗੀਆਂ 

Dera Bassi incident

ਅੱਗ ਲੱਗਣ ਕਾਰਨ ਹੋਈ ਸੀ ਇੱਕ ਬੱਚੀ ਦੀ ਮੌਤ 
ਡੇਰਾਬੱਸੀ :
ਡੇਰਾਬੱਸੀ ਦੇ ਪਿੰਡ ਸੁੰਢਰਾਂ ਵਿਚ ਬੀਤੇ ਦਿਨ ਵੱਡਾ ਹਾਦਸਾ (Dera Bassi incident) ਵਾਪਰਿਆ ਸੀ ਜਿਸ ਵਿਚ ਉਥੇ ਰਹਿੰਦੇ ਪਰਵਾਸੀ ਮਜ਼ਦੂਰਾਂ ਦੀਆਂ 35-40 ਝੌਂਪੜੀਆਂ ਨੂੰ ਭਿਆਨਕ ਅੱਗ ਦੀ ਲਪੇਟ ਵਿਚ ਆ ਗਈਆਂ ਸਨ। ਇੰਨਾ ਹੀ ਨਹੀਂ ਇਸ ਅੱਗ ਵਿਚ ਇੱਕ ਡੇਢ ਸਾਲ ਦੀ ਬੱਚੀ ਸੜ ਕੇ ਸਵਾਹ ਹੋ ਗਈ ਸੀ ਜਿਸ ਤੋਂ ਬਾਅਦ ਇਹ ਮਸਲਾ ਕਾਫੀ ਭਖ ਗਿਆ ਸੀ।

ਹੁਣ ਇਸ 'ਤੇ ਕਾਰਵਾਈ ਕਰਦਿਆਂ ਹੋਇਆ ਪੁਲਿਸ ਵਲੋਂ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨ 'ਤੇ ਪਰਚਾ (FIR) ਦਰਜ ਕਰ ਲਿਆ ਗਿਆ ਹੈ। ਇਹ ਐਫ.ਆਈ.ਆਰ. (FIR) ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਉਨ੍ਹਾਂ ਦੇ ਘਰ ਸੜ ਕੇ ਸਵਾਹ ਹੋ ਗਏ ਅਤੇ ਉਨ੍ਹਾਂ ਦੀ ਇੱਕ ਮਾਸੂਮ ਬੱਚੀ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ।

ਜ਼ਿਕਰਯੋਗ ਹੈ ਕਿ ਬੀਤੇ ਕੱਲ ਇੱਕ ਕਿਸਾਨ ਵਲੋਂ ਆਪਣੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ ਅਤੇ ਹਵਾ ਤੇਜ਼ ਹੋਣ ਕਾਰਨ ਉਹ ਅੱਗ ਨਜ਼ਦੀਕ ਸਥਿਤ ਝੁੱਗੀਆਂ ਨੂੰ ਲੱਗ ਗਈ। ਇਸ ਹਾਦਸੇ ਵਿਚ ਮਜ਼ਦੂਰ ਪਰਿਵਾਰਾਂ ਦੇ ਘਰ ਅਤੇ ਉਨ੍ਹਾਂ ਦੀ ਇੱਕ ਮਾਸੂਮ ਬੱਚੀ ਸੜ ਕੇ ਸਵਾਹ ਹੋ ਗਏ।

ਇਸ ਹਾਦਸੇ ਬਾਰੇ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਤੱਕ ਮੈਂ ਇਥੋਂ ਦਾ ਵਿਧਾਇਕ ਹਾਂ, ਉਦੋਂ ਤੱਕ ਇਨਸਾਫ ਜ਼ਰੂਰ ਮਿਲੇਗਾ। ਮਾਨ ਸਰਕਾਰ ਵਲੋਂ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਵਰਜਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਕਈ ਹਾਦਸੇ ਵਾਪਰਦੇ ਹਨ ਅਤੇ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖਤਮ ਹੁੰਦੀ ਹੈ।