ਬੇਅਦਬੀ ਮਾਮਲਿਆਂ 'ਚ ਡੇਰਾ ਪ੍ਰੇਮੀਆਂ ਦੀ ਹੋਈ ਫ਼ਰੀਦਕੋਟ ਅਦਾਲਤ 'ਚ ਪੇਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਕਤੀ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਸੁਖਜਿੰਦਰ ਸਿੰਘ, ਰਣਦੀਪ ਸਿੰਘ ਅਤੇ ਨਰਿੰਦਰ ਸ਼ਰਮਾ ਹੋਏ ਕੋਰਟ 'ਚ ਪੇਸ਼

Dera supporters appear in Faridkot court in beadbi cases

-ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੌਦਾ ਸਾਧ ਦੀ ਪੇਸ਼ੀ
-30 ਮਈ ਨੂੰ ਮੁੜ ਹੋਵੇਗੀ ਮਾਮਲੇ ਦੀ ਸੁਣਵਾਈ 
ਚੰਡੀਗੜ੍ਹ :
ਬੇਅਦਬੀ ਮਾਮਲੇ ਵਿਚ ਨਾਮਜ਼ਦ ਡੇਰਾ ਪ੍ਰੇਮੀਆਂ ਨੂੰ ਅੱਜ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸੌਦਾ ਸਾਧ ਦੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਹੈ।

ਬੇਅਦਬੀ ਮਾਮਲਾ ਵਿਚ ਜਿਥੇ ਲਗਾਤਾਰ SIT ਵਲੋਂ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਅੱਜ ਫ਼ਰੀਦਕੋਟ ਦੀ ਅਦਾਲਤ ਵਿਚ ਇਨ੍ਹਾਂ ਸਾਰਿਆਂ ਦੀ ਪੇਸ਼ੀ ਹੋਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਚਲਾਨ ਪੇਸ਼ ਕੀਤੇ ਜਾਣੇ ਸਨ ਪਰ ਕੁਝ ਦਸਤਾਵੇਜ਼ ਜੋ ਸੌਦਾ ਸਾਧ ਨੂੰ ਭੇਜੇ ਜਾਣੇ ਹਨ ਉਹ ਅਜੇ ਪੂਰੇ ਨਹੀਂ ਹੋਏ। ਜਿਸ ਦੇ ਚਲਦੇ ਇਸ ਮਾਮਲੇ ਦੀ ਸੁਣਵਾਈ ਦੁਬਾਰਾ ਹੋਵੇਗੀ ਅਤੇ ਇਸ ਦੀ ਤਰੀਕ 30 ਮਈ ਤੈਅ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਬੇਅਦਬੀ ਮਾਮਲੇ ਦੇ ਵਿਵਾਦਿਤ ਪੋਸਟਰ ਮਾਮਲੇ ਵਿਚ ਸੌਦਾ ਸਾਧ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਦੱਸਣਯੋਗ ਹੈ ਕਿ ਤਿੰਨ ਵੱਖ-ਵੱਖ ਬੇਅਦਬੀ ਮਾਮਲਿਆਂ ਵਿਚ ਅੱਜ ਸ਼ਕਤੀ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਸੁਖਜਿੰਦਰ ਸਿੰਘ, ਰਣਦੀਪ ਸਿੰਘ ਅਤੇ ਨਰਿੰਦਰ ਸ਼ਰਮਾ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਹੈ।

ਮਾਨਯੋਗ ਕੋਰਟ ਵਲੋਂ ਇਨ੍ਹਾਂ ਨਾਮਜ਼ਦ ਡੇਰਾ ਪ੍ਰੇਮੀਆਂ ਨੂੰ ਚਲਾਨ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਵਕੀਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੇ ਨਾਮਜ਼ਦ ਡੇਰਾ ਪ੍ਰੇਮੀਆਂ ਨੂੰ ਲੋੜੀਂਦੇ ਕਾਗਜ਼ਾਤ ਦੇ ਦਿਤੇ ਗਏ ਹਨ ਪਰ ਸੌਦਾ ਸਾਧ ਨੂੰ ਦਿਤੇ ਜਾਣ ਚਲਾਨ ਦੇ ਦਸਤਾਵੇਜ਼ ਪੂਰੇ ਨਹੀਂ ਸਨ ਜਿਸ ਦੇ ਚਲਦੇ ਹੁਣ ਮਾਮਲੇ ਦੀ ਅਗਲੀ ਤਰੀਕ 30 ਮਈ ਨੂੰ ਪਾ ਦਿਤੀ ਗਈ ਹੈ।