ਹਾਈਕੋਰਟ ਦੇ ਵਕੀਲ ਦਾ ਚੋਣ ਕਮਿਸ਼ਨ ਨੂੰ ਪੱਤਰ: ਸੰਗਰੂਰ ਲੋਕ ਸਭਾ ਸੀਟ 'ਤੇ ਜਲਦ ਕਰਵਾਈ ਜਾਵੇ ਜ਼ਿਮਨੀ ਚੋਣ
ਇਹ ਸੀਟ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਮਾਨ ਧੂਰੀ ਸੀਟ ਤੋਂ ਵਿਧਾਇਕ ਚੁਣੇ ਗਏ ਹਨ
ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਚੋਣ ਕਮਿਸ਼ਨ ਨੂੰ ਸੰਗਰੂਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਜਲਦ ਤੋਂ ਜਲਦ ਕਰਵਾਉਣ ਦੀ ਅਪੀਲ ਕੀਤੀ ਹੈ। ਕਮਿਸ਼ਨ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਜੂਨ ਵਿਚ ਹੋਣੀ ਹੈ। ਉਸ ਤੋਂ ਪਹਿਲਾਂ ਇਹ ਉਪ ਚੋਣ ਹੋਣੀ ਚਾਹੀਦੀ ਹੈ। ਸੰਗਰੂਰ ਸੀਟ ਨੂੰ ਖਾਲੀ ਹੋਇਆ 2 ਮਹੀਨੇ ਬੀਤ ਚੁੱਕੇ ਹਨ।
ਇਹ ਸੀਟ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਮਾਨ ਧੂਰੀ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਸੰਗਰੂਰ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ ਆਜ਼ਮਗੜ੍ਹ ਅਤੇ ਰਾਮਪੁਰ ਸੀਟਾਂ ’ਤੇ ਵੀ ਜਲਦੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਦੇਸ਼ ਦੇ 14ਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਅਜਿਹੇ 'ਚ ਦੇਸ਼ ਦੇ 15ਵੇਂ ਰਾਸ਼ਟਰਪਤੀ 25 ਜੁਲਾਈ ਤੋਂ ਅਹੁਦਾ ਸੰਭਾਲਣਗੇ। ਅਜਿਹੇ 'ਚ ਕਮਿਸ਼ਨ ਨੂੰ ਇਸ ਤਰੀਕ ਤੋਂ ਪਹਿਲਾਂ ਰਾਸ਼ਟਰਪਤੀ ਚੋਣਾਂ ਕਰਵਾਉਣੀਆਂ ਪੈਣਗੀਆਂ।
ਐਡਵੋਕੇਟ ਹੇਮੰਤ ਕੁਮਾਰ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 54 ਅਨੁਸਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ ਸੰਸਦ ਮੈਂਬਰ ਅਤੇ ਵਿਧਾਇਕ ਰਾਸ਼ਟਰਪਤੀ ਦੀ ਚੋਣ ਵਿਚ ਹਿੱਸਾ ਲੈਂਦੇ ਹਨ। ਅਜਿਹੇ 'ਚ ਚੋਣ ਕਮਿਸ਼ਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਸ ਸਮੇਂ ਤੱਕ ਸਾਰੀਆਂ ਸੀਟਾਂ ਭਰ ਜਾਣ। ਉਨ੍ਹਾਂ ਕਿਹਾ ਕਿ ਜੇਕਰ ਚੋਣ ਵਿਚ ਇੱਕ ਤੋਂ ਵੱਧ ਉਮੀਦਵਾਰ ਹੁੰਦੇ ਹਨ ਤਾਂ ਹੀ ਚੋਣ ਕਰਵਾਈ ਜਾਵੇਗੀ। ਇਸ ਲਈ ਇਸ ਵਿਚ ਸਾਰੇ ਮੈਂਬਰਾਂ ਦੀ ਸ਼ਮੂਲੀਅਤ ਜ਼ਰੂਰੀ ਹੈ।
ਐਡਵੋਕੇਟ ਹੇਮੰਤ ਕੁਮਾਰ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਐਕਟ (ਆਰਪੀਏ) 1951 ਦੀ ਧਾਰਾ 151ਏ ਤਹਿਤ ਕਮਿਸ਼ਨ ਨੂੰ ਸੀਟ ਖਾਲੀ ਹੋਣ ਦੇ 6 ਮਹੀਨਿਆਂ ਦੇ ਅੰਦਰ ਚੋਣਾਂ ਕਰਵਾਉਣੀਆਂ ਪੈਂਦੀਆਂ ਹਨ। ਅਜਿਹੇ 'ਚ ਜੇਕਰ ਕਮਿਸ਼ਨ ਚਾਹੇ ਤਾਂ ਸਤੰਬਰ ਦੇ ਅੱਧ ਤੱਕ ਚੋਣਾਂ ਕਰਵਾ ਸਕਦਾ ਹੈ। ਹਾਲਾਂਕਿ 16ਵੀਂ ਰਾਸ਼ਟਰਪਤੀ ਚੋਣ ਦੇ ਮੱਦੇਨਜ਼ਰ ਇਹ ਚੋਣਾਂ ਜਲਦੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।