ਜਲਾਲਾਬਾਦ ਪੁਲਿਸ ਨੇ 5 ਕਿਲੋ ਰੇਤ ਤੇ 100 ਰੁਪਏ ਦੀ ਬਰਾਮਦਗੀ ਨੂੰ ਦੱਸਿਆ ਨਾਜਾਇਜ਼, ਕਿਸਾਨ 'ਤੇ ਮਾਮਲਾ ਦਰਜ 

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਰੇਤ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਟਿੱਪਰ ਅਤੇ ਟਰੈਕਟਰ ਟਰਾਲੀ ਵੀ ਮੌਕੇ 'ਤੇ ਮਿਲਦੇ - ਕਿਸਾਨ

file Photo

 

 ਜਲਾਲਾਬਾਦ - ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ 'ਚ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਪੰਜਾਬ ਪੁਲਸ ਦੀ ਕਾਰਵਾਈ ਸੁਰਖੀਆਂ 'ਚ ਹੈ। ਇੱਥੋਂ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 5 ਕਿਲੋ ਰੇਤ, ਟੋਕਰੀ, ਕਹੀ ਅਤੇ 100 ਰੁਪਏ ਨਕਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਕਿਸਾਨ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਵੀ ਦਰਜ ਕਰ ਲਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਮੀਨ ਨੂੰ ਪੱਧਰਾ ਕਰ ਰਿਹਾ ਸੀ। ਜੇਕਰ ਰੇਤ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਟਿੱਪਰ ਅਤੇ ਟਰੈਕਟਰ ਟਰਾਲੀ ਵੀ ਮੌਕੇ 'ਤੇ ਮਿਲਦੇ। 

ਪੁਲਿਸ ਅਨੁਸਾਰ ਪਿੰਡ ਮੋਹਰ ਸਿੰਘ ਵਾਲਾ ਦਾ ਕਿਸਾਨ ਕ੍ਰਿਸ਼ਨ ਸਿੰਘ ਆਪਣੇ ਖੇਤ ਵਿਚ ਰੇਤ ਦੀ ਨਾਜਾਇਜ਼ ਮਾਇਨਿੰਗ ਚਲਾ ਰਿਹਾ ਸੀ। ਜਦੋਂ ਪੁਲਿਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਰੇਤ ਚੁੱਕਣ ਵਾਲੀ ਟੋਕਰੀ, ਕਹੀ ਅਤੇ 5 ਕਿਲੋ ਰੇਤ ਬਰਾਮਦ ਹੋਈ। ਕ੍ਰਿਸ਼ਨ ਸਿੰਘ ਦੀ ਤਲਾਸ਼ੀ ਲੈਣ 'ਤੇ 100 ਰੁਪਏ ਦੀ ਨਕਦੀ ਵੀ ਮਿਲੀ। ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਕ੍ਰਿਸ਼ਨ ਸਿੰਘ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਲਿਆ ਹੈ। 

ਕਿਸਾਨ ਕ੍ਰਿਸ਼ਨ ਸਿੰਘ ਨੇ ਦੱਸਿਆ, 'ਮੇਰੀ ਥਾਂ ਉੱਚੀ ਸੀ ਤੇ ਗੁਆਂਢੀਆਂ ਦੀ ਨੀਵੀਂ। ਜਿਸ ਕਾਰਨ ਮੈਂ ਉਥੋਂ ਜ਼ਮੀਨ ਨੂੰ ਪੱਧਰਾਂ ਕਰਨ ਲਈ ਰੇਤ ਅਤੇ ਮਿੱਟੀ ਚੁਕਵਾ ਦਿੱਤੀ। ਉੱਥੇ ਕੋਈ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਸੀ। ਮੈਂ ਆਪਣੇ ਖੇਤ ਵਿਚ ਖੜ੍ਹਾ ਸੀ। ਮੈਂ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੈਨੂੰ ਫੜ ਕੇ ਲੈ ਗਏ। ਟੋਕਰੀ ਅਤੇ ਰੇਤ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਿਆ। ਪੁਲਿਸ ਨੇ ਅਪਣੇ ਨੰਬਰ ਬਣਾਉਣ ਲਈ ਮੇਰੇ ਖਿਲਾਫ਼ ਕਾਰਵਾਈ ਕੀਤੀ। ਮੇਰੇ 'ਤੇ ਨਾਜਾਇਜ਼ ਕਾਰਵਾਈ ਕੀਤੀ ਗਈ ਹੈ।

ਕਿਸਾਨ 'ਤੇ ਕਾਰਵਾਈ ਕਰਨ ਵਾਲੇ ਏਐਸਆਈ ਸਤਨਾਮ ਦਾਸ ਦਾ ਕਹਿਣਾ ਹੈ ਕਿ ਜਿੱਥੇ ਪੁਲਿਸ ਨੇ ਛਾਪਾ ਮਾਰਿਆ ਉੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਬੇਸ਼ੱਕ ਸਾਨੂੰ ਮੌਕੇ 'ਤੇ ਟਰੈਕਟਰ ਟਰਾਲੀ ਨਹੀਂ ਮਿਲੀ ਪਰ ਅਸੀਂ ਕਹੀ ਅਤੇ ਟੋਕਰੀ ਜ਼ਬਤ ਕਰ ਲਈ ਹੈ। ਅਸੀਂ 5 ਕਿਲੋ ਰੇਤ ਕਬਜ਼ੇ ਵਿੱਚ ਲੈ ਲਈ ਹੈ ਜੋ ਨਮੂਨੇ ਵਜੋਂ ਕਜ਼ੇ ਵਿਚ ਲਈ ਗਈ ਹੈ। ਐਸਐਚਓ ਗੁਰਜੰਟ ਸਿੰਘ ਨੇ ਦੱਸਿਆ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਕਿਸਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।