ਗਿਆਨਵਾਪੀ ਮਸਜਿਦ ’ਚ ਦੂਜੇ ਦਿਨ ਗੁੰਬਦ, ਤਾਲਾਬ ਅਤੇ ਕੰਧਾਂ ਦਾ ਹੋਇਆ ਸਰਵੇਖਣ

ਏਜੰਸੀ

ਖ਼ਬਰਾਂ, ਪੰਜਾਬ

ਗਿਆਨਵਾਪੀ ਮਸਜਿਦ ’ਚ ਦੂਜੇ ਦਿਨ ਗੁੰਬਦ, ਤਾਲਾਬ ਅਤੇ ਕੰਧਾਂ ਦਾ ਹੋਇਆ ਸਰਵੇਖਣ

image

ਅੰਦਰ ਮਲਬਾ ਜ਼ਿਆਦਾ ਹੋਣ ਕਾਰਨ 100 ਫ਼ੀ ਸਦੀ ਪੂਰਾ ਨਹੀਂ ਹੋ ਸਕਿਆ ਕੰਮ, ਅੱਜ ਫਿਰ ਹੋਵੇਗੀ ਵੀਡਿਉਗ੍ਰਾਫ਼ੀ 

ਵਾਰਾਣਸੀ, 15 ਮਈ : ਗਿਆਨਵਾਪੀ ਮਸਜਿਦ ਦੇ ਦੂਜੇ ਦਿਨ ਦੇ ਸਰਵੇਖਣ ਦਾ ਕੰਮ ਪੂਰਾ ਹੋ ਗਿਆ। ਰਿਪੋਰਟਾਂ ਮੁਤਾਬਕ ਅੰਦਰ ਮਲਬਾ ਜ਼ਿਆਦਾ ਹੋਣ ਕਾਰਨ ਸਰਵੇ 100 ਫ਼ੀ ਸਦੀ ਪੂਰਾ ਨਹੀਂ ਹੋ ਸਕਿਆ। ਇਸ ਲਈ ਸੋਮਵਾਰ ਨੂੰ ਵੀ ਵੀਡੀਉਗ੍ਰਾਫ਼ੀ ਕੀਤੀ ਜਾਵੇਗੀ। ਗਿਆਨਵਾਪੀ ਤੋਂ ਬਾਹਰ ਆਏ ਹਿੰਦੂ ਪੱਖ ਦੇ ਇਕ ਵਿਅਕਤੀ ਨੇ ਕਿਹਾ ਕਿ ਕਲ ਵੀ ਸਰਵੇਖਣ ਹੋਵੇਗਾ। ਸਾਡਾ ਦਾਅਵਾ ਅੱਜ ਹੋਰ ਵੀ ਮਜ਼ਬੂਤ ਹੋ ਗਿਆ ਹੈ। ਮੁਸਲਿਮ ਪੱਖ ਦੇ ਵਕੀਲ ਨੇ ਮੀਡੀਆ ਨੂੰ ਤਿੰਨ ਵਾਰ ਉੱਚੀ ਆਵਾਜ਼ ਵਿਚ ਕਿਹਾ, ਕੁੱਝ ਨਹੀਂ ਮਿਲਿਆ, ਕੁੱਝ ਨਹੀਂ ਮਿਲਿਆ, ਕੱੁਝ ਨਹੀਂ ਮਿਲਿਆ। ਇਹ ਕਹਿ ਕੇ ਉਹ ਉਥੋਂ ਚਲੇ ਗਏ। ਵਾਰਾਣਸੀ ਦੇ ਡੀਐਮ ਕੌਸਲ ਰਾਜ ਸਰਮਾ ਨੇ ਦਸਿਆ ਕਿ ਸਰਵੇਖਣ ਸ਼ਾਂਤੀਪੂਰਨ ਮਾਹੌਲ ਵਿਚ ਹੋਇਆ। ਸਰਵੇਖਣ ਸੋਮਵਾਰ ਨੂੰ ਵੀ ਜਾਰੀ ਰਹੇਗਾ। ਦੂਜੇ ਪਾਸੇ ਵਕੀਲਾਂ ਨੇ ਕਿਹਾ ਕਿ ਜਦੋਂ ਤਕ ਸਰਵੇਖਣ ਪੂਰਾ ਨਹੀਂ ਹੋ ਜਾਂਦਾ, ਉਦੋਂ ਤਕ ਇਸ ’ਤੇ ਟਿੱਪਣੀ ਕਰਨਾ ਠੀਕ ਨਹੀਂ ਹੈ। ਇਕ ਵਜੇ ਦੇ ਕਰੀਬ 20 ਸਵੀਪਰ ਗਿਆਨਵਾਪੀ ਗਏ ਹਨ। 52 ਲੋਕਾਂ ਦੀ ਟੀਮ ਨੇ ਸਵੇਰੇ 8 ਵਜੇ ਤੋਂ 11:40 ਵਜੇ ਤਕ ਸਰਵੇ ਕੀਤਾ। ਅੱਜ ਦਸਿਆ ਗਿਆ ਕਿ ਗਿਆਨਵਾਪੀ ਦੇ ਉੱਕਰੇ ਗੁੰਬਦ ਦੀ ਡਰੋਨ ਨਾਲ ਵੀਡੀਉਗ੍ਰਾਫ਼ੀ ਕੀਤੀ ਗਈ ਸੀ। ਹਾਲਾਂਕਿ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਦੂਜੇ ਦਿਨ ਛੱਤ, ਚਾਰ ਕਮਰੇ, ਬਾਹਰਲੀ ਕੰਧ, ਵਰਾਂਡੇ, ਆਲੇ-ਦੁਆਲੇ ਦੀ ਵੀਡੀਉਗ੍ਰਾਫੀ-ਸਰਵੇਖਣ ਕੀਤਾ ਗਿਆ। ਦੂਜੇ ਪਾਸੇ ਮਿਸਰਤ ਆਬਾਦੀ ਵਾਲੇ ਇਲਾਕਿਆਂ ਵਿਚ ਪੁਲਿਸ ਚੌਕਸ ਰਹੀ। ਸੜਕਾਂ ’ਤੇ ਰੋਸ ਮਾਰਚ ਕਰ ਕੇ ਸ਼ਾਂਤੀ ਦੀ ਅਪੀਲ ਕੀਤੀ ਗਈ। 
ਪੁਲਿਸ ਕਮਿਸ਼ਨਰ ਏ.ਸਤੀਸ਼ ਗਣੇਸ਼ ਨੇ ਦਸਿਆ ਕਿ ਅੱਜ ਸੁਰੱਖਿਆ ਕੁੱਝ ਹੋਰ ਵਧਾ ਦਿਤੀ ਗਈ ਹੈ। ਸਰਵੇਖਣ ਦੇ ਪਹਿਲੇ ਦਿਨ ਇਮਾਰਤ ਦੇ ਬਾਹਰ 10 ਲੇਅਰ ਸੁਰੱਖਿਆ ਸੀ, ਜਿਸ ਨੂੰ ਅੱਜ ਵਧਾ ਕੇ 12 ਲੇਅਰ ਕਰ ਦਿਤਾ ਗਿਆ ਹੈ। ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰਖਿਆ ਜਾ ਰਿਹਾ ਹੈ ਤਾਂ ਜੋ ਦਰਸਨ-ਦੀਦਾਰ ਕਰਨ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ। ਅਦਾਲਤ ਦੇ ਹੁਕਮਾਂ ਤੋਂ ਬਾਅਦ ਸਨਿਚਰਵਾਰ ਨੂੰ ਪਹਿਲੇ ਦਿਨ 50 ਫ਼ੀ ਸਦੀ ਇਲਾਕੇ ’ਚ ਵੀਡੀਉਗ੍ਰਾਫ਼ੀ ਅਤੇ ਸਰਵੇ ਕੀਤਾ ਗਿਆ।
ਸੁਰੱਖਿਆ ਅਤੇ ਸਰਵੇਖਣ ਲਈ 500 ਮੀਟਰ ਦੇ ਘੇਰੇ ਵਿਚ ਜਨਤਕ ਦਾਖ਼ਲੇ ’ਤੇ ਪਾਬੰਦੀ ਲਗਾਈ ਗਈ ਸੀ। ਹਰ ਪਾਸਿਉਂ ਆਉਣ ਵਾਲੀਆਂ ਸੜਕਾਂ ’ਤੇ ਪੁਲਿਸ ਅਤੇ ਪੀਏਸੀ ਦਾ ਪਹਿਰਾ ਸੀ। ਬੈਰੀਕੇਡ ਲਗਾ ਕੇ ਸੜਕਾਂ ਬੰਦ ਕਰ ਦਿਤੀਆਂ ਗਈਆਂ। ਗੋਦੌਲੀਆ ਤੋਂ ਗੇਟ ਨੰਬਰ-4 ਭਾਵ ਗਿਆਨਵਾਪੀ ਤਕ ਪੁਲਿਸ ਕਮਿਸ਼ਨਰ ਏ.ਕੇ ਸਤੀਸ ਗਣੇਸ਼ ਨੇ ਪੈਦਲ ਮਾਰਚ ਕੀਤਾ। ਸ਼ਾਂਤੀ ਦੀ ਅਪੀਲ ਕੀਤੀ। ਲਗਭਗ 1500 ਪੁਲਿਸ ਅਤੇ ਪੀਏਸੀ ਕਰਮਚਾਰੀ ਇਕ ਕਿਲੋਮੀਟਰ ਦੇ ਦਾਇਰੇ ਵਿਚ ਤਾਇਨਾਤ ਕੀਤੇ ਗਏ ਸਨ।    (ਏਜੰਸੀ)