4 ਭੈਣਾਂ ਦਾ ਇਕੱਲਾ ਭਰਾ ਤੁਰ ਗਿਆ ਸਿਵਿਆਂ ਦੇ ਰਾਹ, ਰੋ-ਰੋ ਪਰਿਵਾਰ ਦਾ ਹੋਇਆ ਬੁਰਾ ਹਾਲ
ਪਿੰਡ ਵਾਸੀਆਂ ਅਤੇ ਪਰਿਵਾਰ ਦੀ 'ਮਾਨ' ਸਰਕਾਰ ਨੂੰ ਅਪੀਲ - 'ਪਾਈ ਜਾਵੇ ਨਸ਼ਿਆਂ ਨੂੰ ਠੱਲ੍ਹ'
ਫਿਰੋਜ਼ਪੁਰ : ਪਿੱਛਲੇ ਦਿਨੀਂ ਮੁੱਖ ਮੰਤਰੀ ਨੇ ਇਕ ਬਿਆਨ ਦਿਤਾ ਸੀ ਕਿ ਜਿਸ ਵੀ ਇਲਾਕੇ ਵਿਚੋਂ ਨਸ਼ਾ ਮਿਲੇਗਾ ਉਥੋਂ ਦਾ SHO ਅਤੇ SSP ਜ਼ਿੰਮੇਵਾਰ ਹੋਣਗੇ। ਇਨ੍ਹਾਂ ਸਾਰੇ ਯਤਨ ਸਕਦਾ ਵੀ ਅਜੇ ਵੀ ਸੂਬੇ ਵਿਚੋਂ ਨੌਜਵਾਨਾਂ ਦੀਆਂ ਲਾਸ਼ਾਂ ਉੱਠ ਰਹੀਆਂ ਹਨ। ਤਾਜ਼ਾ ਜਾਣਕਾਰੀ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤੋਂ ਹੈ ਜਿਥੇ ਨਸ਼ੇ ਦੀ ਓਵਰਡੋਜ਼ ਦੇ ਚਲਦੇ ਇੱਕ 30 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਛਾਣ ਵਿੱਕੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਿਆ ਹੈ। ਜਦੋਂ ਮ੍ਰਿਤਕ ਦੀ ਦੇਹ ਉਸ ਦੇ ਘਰ ਪਹੁੰਚੀ ਤਾਂ ਪਰਿਵਾਰ ਸਮੇਤ ਪਿੰਡ ਵਾਲਿਆਂ ਨੇ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਵਲੋਂ ਛੋਟੇ ਤਸਕਰਾਂ ਨੂੰ ਫੜ੍ਹਿਆ ਜਾ ਰਿਹਾ ਹੈ ਪਰ ਵੱਡੀਆਂ ਮੱਛੀਆਂ ਅਜੇ ਵੀ ਸ਼ਰ੍ਹੇਆਮ ਨਸ਼ੇ ਵੇਚ ਰਹੀਆਂ ਹਨ।
ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਬਸਤੀ ਸ਼ੇਖਾ ਵਾਲੀ ਦਾ ਰਹਿਣ ਵਾਲਾ ਸੀ। ਇਸ ਮੌਕੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਵਿੱਕੀ ਵਿੱਕੀ ਨਸ਼ੇ ਕਰਨ ਦਾ ਆਦੀ ਸੀ ਅਤੇ ਅੱਜ ਨਸ਼ੇ ਦਾ ਟੀਕਾ ਲਗਾਉਣ ਕਾਰਨ ਉਸ ਦੀ ਮੌਤ ਹੋ ਗਈ ਹੈ। ਜਿਸ ਦੇ ਦੋ ਛੋਟੇ-ਛੋਟੇ ਬੱਚੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ। ਇਥੋਂ ਤੱਕ ਕਿ ਔਰਤਾਂ ਵੀ ਮੈਡੀਕਲ ਨਸ਼ਾ ਵੇਚ ਰਹੀਆਂ ਹਨ।
ਛੋਟੇ ਬੱਚੇ ਨਸ਼ੇ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਜਿਸ ਸਬੰਧੀ ਉਹ ਕਈ ਵਾਰ ਪੁਲਿਸ ਨੂੰ ਇਤਲਾਹ ਦੇ ਚੁੱਕੇ ਹਨ। ਪਰ ਪੁਲਿਸ ਵੱਲੋਂ ਕੋਈ ਰੋਕਥਾਮ ਨਹੀਂ ਕੀਤੀ ਜਾ ਰਹੀ ਉਨ੍ਹਾਂ ਪੁਲਿਸ 'ਤੇ ਵੀ ਮਿਲੀਭੁਗਤ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਸੂਬੇ ਦੀ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ੇ 'ਤੇ ਰੋਕ ਲਗਾਈ ਜਾਵੇ ਤਾਂ ਜੋ ਉਨ੍ਹਾਂ ਦੀ ਤਰ੍ਹਾਂ ਕਿਸੇ ਹੋਰ ਦਾ ਨੌਜਵਾਨ ਪੁੱਤ ਨਸ਼ੇ ਦੀ ਭੇਟ ਨਾ ਚੜ੍ਹੇ।