ਪਾਕਿਸਤਾਨ ਵਿਚ ਦੋ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਵਿਚ ਦੋ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ

image


ਮਸਾਲਾ ਵੇਚਣ ਦਾ ਕੰਮ ਕਰਦੇ ਸਨ ਦੋਵੇਂ ਸਿੱਖ, ਪੇਸ਼ਾਵਰ ਦੇ ਸਿੱਖਾਂ 'ਚ ਗੁੱਸੇ ਦੀ ਲਹਿਰ

ਅੰਮਿ੍ਤਸਰ, 15 ਮਈ (ਪਰਮਿੰਦਰ): ਪਾਕਿਸਤਾਨ ਦੇ ਸੂਬਾ ਪੇਸ਼ਵਾਰ ਦੇ ਸਰਬੰਦ ਇਲਾਕੇ ਵਿਚ ਬੰਦੂਕਧਾਰੀਆਂ ਨੇ ਦੋ ਸਿੱਖਾਂ ਨੂੰ  ਗੋਲੀ ਮਾਰ ਕੇ ਕਤਲ ਕਰ ਦਿਤਾ | ਪ੍ਰਾਪਤ ਵੇਰਵਿਆਂ ਅਨੁਸਾਰ ਥਾਣਾ ਸਦਰ ਦੇ ਪਿੰਡ ਬੱਤਾ ਤਿਲ ਬਜ਼ਾਰ ਵਿਚ ਡਬਗਰੀ ਗਾਰਡਨ ਦੇ ਕੁਲਜੀਤ ਸਿੰਘ (42) ਅਤੇ ਰਣਜੀਤ ਸਿੰਘ (38) ਨੂੰ  ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ | ਦੋਹਾਂ ਦੀ ਮਸਾਲਿਆਂ ਦੀ ਦੁਕਾਨ ਹੈ |
ਇਸ ਘਟਨਾ ਤੋਂ ਬਾਅਦ ਪੇਸ਼ਵਾਰ ਦੇ ਸਿੱਖਾਂ ਦੇ ਮਨ ਵਿਚ ਗੁੱਸੇ ਦੀ ਲਹਿਰ ਹੈ | ਪੁਲਿਸ ਨੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਕੇ ਸਰਚ ਆਪਰੇਸ਼ਨ ਚਲਾਇਆ ਹੈ | ਦੋਹਾਂ ਦੀਆਂ ਲਾਸ਼ਾਂ ਨੂੰ  ਹਸਪਤਾਲ ਪਹੁੰਚਾਇਆ
ਜਾ ਰਿਹਾ ਹੈ ਜਿਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ | ਪੁਲਿਸ ਮੌਕੇ ਤੋਂ ਅਹਿਮ ਸਬੂਤ ਇਕੱਠੇ ਕਰ ਕੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰੇਗੀ | ਪੇਸ਼ਵਾਰ ਵਿਚ ਵੱਡੀ ਗਿਣਤੀ ਵਿਚ ਸਿੱਖ ਰਹਿੰਦੇ ਹਨ | ਇਸ ਘਟਨਾ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸਿੱਖਾਂ ਦਾ ਕਤਲ ਬੇਹਦ ਦੁਖਦਾਈ ਹੈ | ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਜਿਥੇ ਵੀ ਸਿੱਖ ਵਸਦਾ ਹੈ ਸ਼ਾਂਤਮਈ ਢੰਗ ਨਾਲ ਅਪਣਾ ਜੀਵਨ ਬਸਰ ਕਰਦਾ ਹੈ | ਉਨ੍ਹਾਂ ਇਸ ਸਾਰੇ ਮਾਮਲੇ 'ਤੇ ਪਾਕਿਸਤਾਨ ਦੇ ਵੱਡੇ ਸਿੱਖ ਆਗੂ ਸ. ਬਿਸ਼ਨ ਸਿੰਘ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ. ਅਮੀਰ ਸਿੰਘ ਨਾਲ ਵੀ ਫ਼ੋਨ 'ਤੇ ਗੱਲ ਕਰ ਕੇ ਸਾਰੇ ਮਾਮਲੇ ਦਾ ਹਾਲ ਪੁਛਿਆ | 'ਜਥੇਦਾਰ' ਨੇ ਦੋਹਾਂ ਆਗੂਆਂ ਨੂੰ  ਕਿਹਾ ਕਿ  ਇਸ ਮਾਮਲੇ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਕੇਂਦਰ ਤੇ ਰਾਜ ਸਰਕਾਰ ਨਾਲ ਗੱਲ ਕਰ ਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ |
ਦੋਸ਼ੀਆਂ ਨੂੰ  ਛੇਤੀ ਗਿ੍ਫ਼ਤਾਰ ਕਰ ਕੇ ਸਖ਼ਤ ਸਜ਼ਾ ਦਿਤੀ ਜਾਵੇ : ਅਮੀਰ ਸਿੰਘ
ਨਨਕਾਣਾ ਸਾਹਿਬ: ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਥ ਕਮੇਟੀ ਦੇ ਪ੍ਰਧਾਨ ਸ. ਅਮੀਰ ਸਿੰਘ ਨੇ ਪੇਸ਼ਵਾਰ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਅੱਜ ਨਨਕਾਣਾ ਸਾਹਿਬ ਤੋਂ ਜਾਰੀ ਬਿਆਨ ਵਿਚ ਸ. ਅਮੀਰ ਸਿੰਘ ਨੇ ਕਿਹਾ ਕਿ  ਅੱਜ ਪੇਸ਼ਾਵਰ ਸ਼ਹਿਰ ਵਿਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿਚ ਸਾਡੇ ਦੋ ਵੀਰ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਹੈ | ਅਸੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਤੇ ਪਾਕਿਸਤਾਨ ਦੇ ਵਿਚ ਰਹਿਣ ਵਾਲੇ ਹਰ ਸਿੱਖ ਵਲੋਂ ਇਸ ਦੀ ਨਿਖੇਧੀ ਕਰਦੇ ਹਾਂ ਅਤੇ ਅਸੀ ਪਾਕਿਸਤਾਨ ਸਰਕਾਰ ਨੂੰ  ਅਪੀਲ ਕਰਦੇ ਹਾਂ ਕਿ ਜਿਹੜੇ ਵੀ ਦੋਸ਼ੀ ਹਨ ਉਨ੍ਹਾਂ ਨੂੰ  ਜਲਦੀ ਤੋਂ ਜਲਦੀ ਗਿ੍ਫ਼ਤਾਰ ਕੀਤਾ ਜਾਏ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ |