ਤਪਦੀ ਗਰਮੀ 'ਚ ਰਾਹਤ ਭਰੀ ਖ਼ਬਰ! ਪੰਜਾਬ 'ਚ ਅਗਲੇ ਦੋ ਦਿਨ ਤਕ ਮੀਂਹ ਪੈਣ ਦੀ ਸੰਭਾਵਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਥਾਵਾਂ 'ਤੇ ਛਾਏ ਰਹਿਣਗੇ ਬੱਦਲ ਤੇ ਤਾਪਮਾਨ 'ਚ ਆ ਸਕਦੀ ਹੈ ਗਿਰਾਵਟ 

Representational Image

ਲੁਧਿਆਣਾ : ਤਪਦੀ ਗਰਮੀ ਦੇ ਵਿਚਕਾਰ ਲੋਕਾਂ ਲਈ ਰਾਹਤ ਦੀ ਖ਼ਬਰ ਹੈ।  ਪਿਛਲੇ ਹਫ਼ਤੇ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਲੁਧਿਆਣਾ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ, ਜੋ ਕਿ ਆਮ ਤੌਰ 'ਤੇ 36 ਤੋਂ 39 ਡਿਗਰੀ ਸੈਲਸੀਅਸ ਹੁੰਦਾ ਹੈ। 

ਇਸੇ ਤਰ੍ਹਾਂ, ਘੱਟੋ-ਘੱਟ ਤਾਪਮਾਨ ਜੋ ਆਮ ਤੌਰ 'ਤੇ 23 ਡਿਗਰੀ ਸੈਲਸੀਅਸ ਹੁੰਦਾ ਹੈ, ਫਿਲਹਾਲ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ। ਹਾਲਾਂਕਿ ਤਾਪਮਾਨ ਲਗਭਗ ਆਮ ਦੇ ਨੇੜੇ ਹੈ ਪਰ ਘੱਟੋ-ਘੱਟ ਤਾਪਮਾਨ ਵਧਣ ਕਾਰਨ ਵੈਸਟਰਨ ਡਿਸਟਰਬੈਂਸ ਪੰਜਾਬ ਵੱਲ ਵੱਧ ਰਿਹਾ ਹੈ।  ਇਸ ਕਾਰਨ 16, 17 ਅਤੇ 18 ਮਈ ਨੂੰ ਦਖਣੀ-ਪਛਮੀ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ, ਬਿਜਲੀ ਦੀ ਚਮਕ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ।

ਪੀ.ਏ.ਯੂ. ਤੋਂ ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਆਉਣ ਵਾਲੇ ਦੋ ਦਿਨਾਂ ਵਿਚ ਸੂਬੇ ਦਾ ਮੌਸਮ ਠੰਡਾ ਹੋਣ ਦੇ ਆਸਾਰ ਹਨ। ਉਨ੍ਹਾਂ ਦਸਿਆ ਕਿ ਪੰਜਾਬ ਵਿਚ ਕਈ ਥਾਵਾਂ 'ਤੇ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 'ਚ ਗਿਰਾਵਟ ਦੇਖੀ ਜਾ ਸਕਦੀ ਹੈ।  ਹਾਲਾਂਕਿ ਪਿਛਲੇ ਸਾਲਾਂ ਵਿਚ ਇਨ੍ਹਾਂ ਦਿਨਾਂ ਵਿਚ ਤਾਪਮਾਨ 45 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਜਾਂਦਾ ਸੀ, ਜੋ ਇਸ ਵਾਰ ਬਰਸਾਤ ਕਾਰਨ ਘੱਟ ਰਿਹਾ ਹੈ।