ਦਿੱਲੀ 'ਚ ਨਾਅਰਾ ਹੈ- '25 ਮਈ, ਭਾਜਪਾ ਗਈ', ਪੰਜਾਬ 'ਚ ਸਾਡਾ ਨਾਅਰਾ ਹੈ, 'ਪੰਜਾਬ ਬਣੇਗਾ ਹੀਰੋ, ਇਸ ਵਾਰ 13-0'- ਭਗਵੰਤ ਮਾਨ
ਕੁਲਦੀਪ ਧਾਲੀਵਾਲ ਸਾਡੀ ਸਭ ਤੋਂ ਮਜ਼ਬੂਤ ਆਵਾਜ਼ਾਂ ਵਿੱਚੋਂ ਇੱਕ ਹਨ, ਉਨ੍ਹਾਂ ਨੂੰ ਚੁਣੋ ਫਿਰ ਸਾਡੇ ਫ਼ੰਡਾਂ ਨੂੰ ਕੋਈ ਨਹੀਂ ਰੋਕ ਸਕੇਗਾ : ਭਗਵੰਤ ਮਾਨ
Amritsar News : ਅੰਮ੍ਰਿਤਸਰ 'ਚ ਰੋਡ ਸ਼ੋਅ ਦੌਰਾਨ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅੱਜ ਜੇਲ੍ਹ ਤੋਂ ਬਾਹਰ ਆ ਕੇ ਸਾਡੇ ਦੇਸ਼ ਲਈ ਅਰਦਾਸ ਕਰਨ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਸਾਡੇ ਦੇਸ਼ ਨੂੰ ਮੁੜ ਸਹੀ ਰਸਤੇ 'ਤੇ ਲਿਆਉਣ। ਮਾਨ ਨੇ ਕਿਹਾ ਕਿ ਕੱਲ੍ਹ ਉਹ ਰਾਮ ਤੀਰਥ ਮੰਦਿਰ ਵਿਖੇ ਅਰਦਾਸ ਕਰਨਗੇ ਕਿ ਦੇਸ਼ ਦੀ ਵਾਗਡੋਰ ਇਮਾਨਦਾਰ ਲੋਕਾਂ ਕੋਲ ਜਾਵੇ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਜੋਂ ਕੁਲਦੀਪ ਸਿੰਘ ਧਾਲੀਵਾਲ ਨੇ 10,000 ਏਕੜ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਨੂੰ ਪ੍ਰਭਾਵਸ਼ਾਲੀ ਲੋਕਾਂ ਤੋਂ ਛੁਡਵਾਇਆ ਹੈ। ਉਹ ਪੰਜਾਬ ਦੀਆਂ ਸਭ ਤੋਂ ਮਜ਼ਬੂਤ ਆਵਾਜ਼ਾਂ ਵਿੱਚੋਂ ਇੱਕ ਹਨ। ਉਹ ਪੰਜਾਬ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ ਅਤੇ ਪੰਜਾਬ ਦੇ ਬਕਾਇਆ ਫ਼ੰਡ ਜਾਰੀ ਕਰਵਾਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਆਪਣਾ ਨੁਮਾਇੰਦਾ ਚੁਣਨ।
ਮਾਨ ਨੇ ਕਿਹਾ ਕਿ ਲੋਕਾਂ ਨੇ ਜੋ ਪਿਆਰ ਉਨ੍ਹਾਂ ਨੂੰ ਦਿੱਤਾ ਹੈ, ਉਸ ਦਾ ਕਰਜ਼ ਉਹ ਕਦੇ ਨਹੀਂ ਚੁਕਾ ਸਕਦੇ। ਦੂਜੇ ਪਾਸੇ ਲੋਕ ਦੂਜੇ ਸਿਆਸਤਦਾਨਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਆਪਣੀਆਂ ਉਂਗਲਾਂ ਗਿਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੇ ਜੋਸ਼ ਤੋਂ ਇੱਕ ਗੱਲ ਸਾਫ਼ ਹੈ ਕਿ ਪੰਜਾਬ ਵਿੱਚ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਕਲੀਨ ਸਵੀਪ ਕਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਉਹ ਕਹਿੰਦੇ ਹਨ ‘25 ਮਈ, ਭਾਜਪਾ ਗਈ’ ਅਤੇ ਪੰਜਾਬ ਵਿੱਚ ਅਸੀਂ ਕਹਿੰਦੇ ਹਾਂ ‘ਪੰਜਾਬ ਬਣੇਗਾ ਹੀਰੋ, ਇਸ ਵਾਰ 13-0’।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਨਾਲ ਹਨ। ਅਸੀਂ ਡਾ. ਭੀਮ ਰਾਓ ਅੰਬੇਡਕਰ ਅਤੇ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ। ਅਸੀਂ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਜੇਲ੍ਹ ਨਹੀਂ ਜਾਣ ਦੇਵਾਂਗੇ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਅਰਵਿੰਦ ਕੇਜਰੀਵਾਲ ਲਈ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਇਹ ਸੀਟ ਜਿਤਾ ਕੇ ਦੇਣਗੇ।